ਸਿਰ੍ਹਾਣੇ ਜ਼ਿੰਦਗੀ ਨੂੰ ਜੀਣ ਜੋਗਾ ਧਰ ਗਿਆ ਕੋਈ
ਮੇਰੇ ਸੁਪਨੇ ਗੁਲਾਬੀ ਜੀਣ ਜੋਗਾ ਕਰ ਗਿਆ ਕੋਈ
ਜਵਾਨੀ, ਸ਼ੋਖ਼ੀਆਂ ਤੇ ਇਸ਼ਕ ਦੇ ਵਿਚ ਰੰਗ ਉਲਫ਼ਤ ਦੇ
ਬੜੇ ਹੀ ਖ਼ੂਬਸੂਰਤ ਜੀਣ ਜੋਗਾ ਭਰ ਗਿਆ ਕੋਈ
ਦੁਆ ਕਰਦੇ ਨੇ ਦੋਵੇਂ ਉਮਰ ਲੰਮੀ ਪਿਆਰ ਦੀ ਹੋਵੇ
ਖ਼ੁਦਾ ਨਾ ਖ਼ਾਸਤਾ ਜੇ ਜੀਣ ਜੋਗਾ ਮਰ ਗਿਆ ਕੋਈ
ਮੁਹੱਬਤ ਦੇ ਬੜੇ ਝੇੜੇ ਕਿਤੇ ਕੈਦੋਂ ਕਿਤੇ ਖੇੜੇ
ਹਜ਼ਾਰਾਂ ਜ਼ੁਲਮ ਲੇਕਿਨ ਜੀਣ ਜੋਗਾ ਜਰ ਗਿਆ ਕੋਈ
ਘੜਾ ਕਮਜ਼ੋਰ, ਨ੍ਹੇਰਾ ਘੋਰ, ਡਾਢਾ ਸ਼ੋਰ ਪਾਣੀ ਦਾ
ਝਨਾਂ ਇਕਰਾਰ ਦੀ ਪਰ ਜੀਣ ਜੋਗਾ ਤਰ ਗਿਆ ਕੋਈ