ਨਾਚ ਪੈਰਾਂ ਵਿੱਚ ਨਹੀਂ ਮਨ ਵਿੱਚ ਹੁੰਦਾ ਹੈ!
ਪੱਬ ਤੇ ਅੱਡੀ ਤਾਂ ਸਿਰਫ਼ ਮਾਧਿਅਮ ਹੈ
ਹੇਕ ਗਲੇ ਵਿੱਚ ਨਹੀਂ ਹੁੰਦੀ
ਸੁਪਨਿਆਂ ਵਿੱਚ ਹੁੰਦੀ ਹੈ
ਅਧੂਰੀਆਂ/ਅਧੂਰੀਆਂ ਰੀਝਾਂ ਤੇ ਉਮੰਗਾਂ ਵਿੱਚ ਨਹੀਂ ਹੁੰਦੀ ।
ਗਲਾ ਤਾਂ ਕੇਵਲ ਵਸੀਲਾ ਹੈ
ਮੋਏ ਸੁਪਨੇ ਵਾਲੀ ਆਵਾਜ਼ ਵਿੱਚੋਂ
ਦਰਦ ਦੀ ਡੂੰਘਾਈ ਨੂੰ ਕੌਣ ਮਾਪ ਸਕਦਾ ਹੈ ।
ਤਾਲ ਤਲੀਆਂ ਵਿੱਚ ਨਹੀਂ
ਦਿਲ ਵਿੱਚ ਜੰਮਦਾ ਹੈ
ਧੜਕਣ ਦੇ ਨਾਲ-ਨਾਲ ਧੜਕਦਾ!
ਤੇ ਕਵਿਤਾ ਵੀ
ਅੱਖਰਾਂ ਵਿੱਚ ਨਹੀਂ
ਆਪੋ-ਆਪਣੀ ਜਿੰਦ ਦੀਆਂ
ਉੱਘੜ-ਦੁੱਗੜੀਆਂ ਤੰਦਾਂ ਮੁਤਾਬਿਕ ਹੀ ਜੰਮਦੀ ਹੈ
ਕੁੱਝ ਵੀ ਸਿੱਧਾ-ਸਪਾਟ ਨਹੀਂ ਹੁੰਦਾ
ਹਾਉਕਿਆਂ ਤੇ ਸੁਪਨਿਆਂ ਦੀ ਧਰਤੀ ਤੇ
ਵਿੰਗ ਤੜਿੰਗਾ ਉਗਮਦਾ ਹੈ