ਸੂਹੇ ਵੇ ਚੀਰੇ ਵਾਲਿਆ

ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ 

ਮਿੱਤਰ ਗਏ ਗੁਆਚ ਵਿਗੋਚੇ ਮਿੱਤਰਾਂ ਦੇ

ਸੂਹੇ ਵੇ ਚੀਰੇ ਵਾਲਿਆ ਖੰਭ ਤਿੱਤਰਾਂ ਦੇ 

ਕਿੱਧਰ ਗਏ ਕਰਾਰ ਕਦੇ ਨਾ ਵਿੱਛੜਾਂਗੇ

ਸੂਹੇ ਵੇ ਚੀਰੇ ਵਾਲਿਆ ਦੁੱਖ ਭਾਗਾਂ ਦੇ 

ਦਿਨ ਨੂੰ ਕਹਿਰ ਹਨੇਰ ਰਾਤ ਭਰ ਜਾਗਾਂਗੇ

ਸੂਹੇ ਵੇ ਚੀਰੇ ਵਾਲਿਆ ਜੂਹ ਬਾਗਾਂ ਦੀ 

ਕਿਸ ਨੇ ਦਿੱਤੀ ਖੋਹਲ ਪਟਾਰੀ ਨਾਗਾਂ ਦੀ

ਸੂਹੇ ਵੇ ਚੀਰੇ ਵਾਲਿਆ ਕੱਖ ਝੁੱਗੀਆਂ ਦੇ 

ਕਾਵਾਂ ਲਏ ਉਜਾੜ ਆਲ੍ਹਣੇ ਘੁੱਗੀਆਂ ਦੇ

ਸੂਹੇ ਵੇ ਚੀਰੇ ਵਾਲਿਆ ਚੀਰਾ ਪਾਟ ਗਿਆ 

ਨਹੁੰਆਂ ਨਾਲੋਂ ਵੱਖ ਕਿਵੇਂ ਹੋ ਮਾਸ ਗਿਆ

ਸੂਹੇ ਵੇ ਚੀਰੇ ਵਾਲਿਆ ਥੁੜ੍ਹ ਛਾਵਾਂ ਦੀ 

ਕੌਣ ਮੰਗੇਗਾ ਖੈਰ ਨਪੁੱਤੀਆਂ ਮਾਵਾਂ ਦੀ

ਸੂਹੇ ਵੇ ਚੀਰੇ ਵਾਲਿਆ ਰਾਹਾਂ ਸੁੰਨੀਆਂ ਨੇ 

ਪੱਗਾਂ ਲੀਰੋ ਲੀਰ ਪਾਟੀਆਂ ਚੁੰਨੀਆਂ ਨੇ

ਸੂਹੇ ਵੇ ਚੀਰੇ ਵਾਲਿਆ ਚੀਰਾ ਢਹਿ ਚੱਲਿਆ 

ਅਜੇ ਵੀ ਲਓ ਸੰਭਾਲ ਡਿੱਗਦਾ ਕਹਿ ਚੱਲਿਆ

📝 ਸੋਧ ਲਈ ਭੇਜੋ