ਪਹੇ ਤੋਂ ਉੱਖੜੇ ਇਨਸਾਨੋ
ਜੇ ਮਾਂ ਤੁਹਾਡੀ ਹਵਾ ਹੈ
ਤੇ ਬਾਪ ਬਾਬਾ ਆਦਮ
ਹਿੰਮਤ ਕਰੋ !
ਤੇ ਆਓ ਵਰਜਿਤ ਫ਼ਲ ਖਾਈਏ
ਸੱਚ ਹੈ
ਜ਼ਿੰਦਗੀ ਦੀਆਂ ਉਹੀ ਲੀਹਾਂ ਕੁਆਰੀਆਂ ਨੇ
ਜਿਥੇ ਕੋਈ ਨਹੀਂ ਤੁਰਿਆ
ਪਰ ਅਜਿਹੇ ਪੈਂਡੇ ਔਖੇ
ਪ੍ਰਤੱਖ ਹੈ
ਮਿੱਧੇ ਹੋਏ ਰਸਤਿਆਂ ਤੇ
ਮਰਦ ਬੱਚੇ ਨਹੀਂ ਤੁਰਦੇ
ਜੂਠ ਸਿਰਫ ਕੁੱਤਾ ਖਾਂਦਾ ਹੈ
ਹੰਸ ਨਹੀਂ
ਜੂਠੇ ਰਸਤਿਆਂ ਤੇ ਨਹੀਂ
ਸੁੱਚੇ ਮਾਰਗਾਂ ਤੇ ਤੁਰੀਏ
ਮਿੱਥੀਆਂ ਪਗਡੰਡੀਆਂ ਤੇ ਨਹੀਂ
ਕੱਚ ਕੁਆਰੇ ਰਾਹਾਂ ਤੇ ਤੁਰੀਏ