ਸੁਫ਼ਨਾ ਆਪ ਵਿਸਾਲ ਤੇ ਨਹੀਂ ਨਾ।
ਯਾਦ ਹਿਜਰ ਦੀ ਢਾਲ਼ ਤੇ ਨਹੀਂ ਨਾ।
ਹਰ ਕੋਈ ਰਾਂਝਾ ਜੋਗੀ ਨਾਹੀਂ,
ਹਰ ਕੋਈ ਹੀਰ ਸਿਆਲ਼ ਤੇ ਨਹੀਂ ਨਾ।
ਉਹਨੂੰ ਆਖੋ ਆ ਵੀ ਜਾਵੇ,
ਪਲ ਦਾ ਮਤਲਬ ਸਾਲ ਤੇ ਨਹੀਂ ਨਾ।
ਜਿਸ ਇੱਕ ਹੋਣ ਨਾ ਦਿੱਤਾ ਸਾਨੂੰ,
ਉਹ ਹੁਣ ਤੇਰੇ ਨਾਲ਼ ਤੇ ਨਹੀਂ ਨਾ।
ਇਸ਼ਕ ਨਾ ਹੋਵੇ ਮਸਤੀ ਕਾਹਦੀ,
ਮਸਤੀ ਬਾਂਝ ਧਮਾਲ ਤੇ ਨਹੀਂ ਨਾ।
ਇੰਝ ਲੁਕਾ ਕੇ ਰੱਖ ਨਾ ਮੈਨੂੰ,
ਮੈਂ ਕੋਈ ਲੁੱਟ ਦਾ ਮਾਲ ਤੇ ਨਹੀਂ ਨਾ।
ਡੁਲ੍ਹਦੀ ਫਿਰਦੀ ਤੇਰੀ ਅਖੋਂ,
ਇਹ ਕੋਈ ਯਾਰ ਸੰਭਾਲ਼ ਤੇ ਨਹੀਂ ਨਾ।
ਹਾਂਡੀ ਗੁੜ੍ਹਕੀ ਜਾਂਦੀ ਭਾਵੇਂ,
ਸੁੱਤੇ ਭੁੱਖੇ ਬਾਲ ਤੇ ਨਹੀਂ ਨਾ।
ਕਿਸ ਤੋਂ ਫ਼ਾਲ ਕਢਾ ਕੇ ਪੁੱਛਾਂ,
ਇਹ ਵੀ ਦੁੱਖ ਦਾ ਸਾਲ ਤੇ ਨਹੀਂ ਨਾ।
ਜਿਹੜਾ ਦਿਲ ਵਿਚ ਰਹਿੰਦਾ ਉਹਨੂੰ,
ਵੇਖਣ ਕੋਈ ਮੁਹਾਲ ਤੇ ਨਹੀਂ ਨਾ।
ਵਾ ਮੋਰਾਂ ਨੂੰ ਕਹਿੰਦੀ ਫਿਰਦੀ।
ਉਹਦੀ ਚਾਲ ਕੋਈ ਚਾਲ ਤੇ ਨਹੀਂ ਨਾ।
ਦੁੱਖ ਲੁਕਾਣਾ ਸੱਜਣਾਂ ਕੋਲੋਂ,
ਬੀਬਾ ਕੋਈ ਕਮਾਲ ਤੇ ਨਹੀਂ ਨਾ।
ਇਸ਼ਕਾ ਇਬਰਾਹੀਮ ਨੇ ਦੱਸ ਖਾਂ,
ਆਪੇ ਮਾਰੀ ਛਾਲ ਨਹੀਂ ਨਾ।
ਅੱਖ ਨੂੰ ਓਪਰਾ ਓਪਰਾ ਲੱਗੇਂ,
ਦਿਲ ਵਿਚ ਹੋਰ ਖ਼ਿਆਲ ਤੇ ਨਹੀਂ ਨਾ।
ਤੇਰੇ ਜਿਹਾ ਵੀ ਤੈਨੂੰ ਆਖਾਂ,
ਤੇਰੀ ਹੋਰ ਮਿਸਾਲ ਤੇ ਨਹੀਂ ਨਾ।
ਸਾਡੇ ਉਤੇ ਡੁਲ੍ਹ ਡੁਲ੍ਹ ਜਾਵੇਂ,
ਹੋਰ ਨਵਾਂ ਹੁਣ ਜਾਲ਼ ਤੇ ਨਹੀਂ ਨਾ।
ਤੂੰ ਨਹੀਂ ਸ਼ੀਸ਼ੇ ਅੰਦਰੋਂ ਦਿਸਦਾ,
ਸ਼ੀਸ਼ੇ ਅੰਦਰ ਵਾਲ਼ ਤੇ ਨਹੀਂ ਨਾ।
ਜੇ ਉਹ ਹਾਲ ਪੁੱਛੇ ਤੇ ਆਖਾਂ,
ਅਜਿਹਾ ਹਾਲ ਕੋਈ ਹਾਲ ਤੇ ਨਹੀਂ ਨਾ।