ਸੁਖ਼ਨ ਸੁਗੰਧੀ

ਕੁਝ ਸੁਖ਼ਨ ਸੁਗੰਧੀ ਬਿਖਰ ਗਈ 

ਕੁਝ ਹਰਫ਼ ਹਕੀਕੀ ਮਾਰ ਗਏ 

ਅਸੀਂ ਸ਼ਬਦਾਂ ਦੀ ਸ਼ਤਰੰਜ ਖੇਡੀ 

ਪਰ ਸ਼ਾਇਰੀ ਹੱਥੋਂ ਹਾਰ ਗਏ

ਮੈਂ ਵੀ ਤਾਂ ਜੋਗੀ ਪੂਰਨ ਸੀ

ਪਰ ਲੂਣਾ ਮੇਰੇ ਅੰਦਰ ਸੀ

ਸੁੰਦਰਾਂ ਦੀਆਂ ਹਾਕਾਂ ਸੁਣ ਲੈਂਦਾ 

ਮੈਂ ਬਣ ਜਾਣਾ ਪੈਗੰਬਰ ਸੀ

ਜੋ ਦੀਨ ਦੁਨੀ ਦੇ ਦਰਦ ਮਿਲੇ 

ਮੈਨੂੰ ਕਰਦੇ ਹੋਰ ਲਾਚਾਰ ਗਏ 

ਕੁਝ ਹਰਫ਼ ਹਕੀਕੀ ਮਾਰ ਗਏ

ਰਾਵਣ ਕੋਲ ਅਕਲ ਦਾ ਅੰਬਰ ਸੀ 

ਉਹ ਤਾਰੇ ਗਿਣਦਾ ਬਿਖਰ ਗਿਆ 

ਹਉਮੈਂ ਹੀ ਉਹਦੀ ਹਿਮਾਕਤ ਸੀ 

ਉਹਨੂੰ ਵੇਦ ਵਿਧੀ ਸਭ ਵਿਸਰ ਗਿਆ 

ਸੀਤਾ ਦੇ ਸੁਖਨ ਤਾਂ ਸੱਚੇ ਸੀ 

ਲੋਕੀ ਰਾਮ ਤੇ ਕਰ ਇਤਬਾਰ ਗਏ 

ਕੁਝ ਹਰਫ਼ ਹਕੀਕੀ ਮਾਰ ਗਏ

ਅਰਜਨ ਕੋਲ ਤੀਰ ਬਥੇਰੇ ਸੀ 

ਵੈਰੀ ਵਿੱਚ ਦਿਸਦੇ ਵੀਰ ਖੜੇ 

ਫਰਜ਼ਾਂ ਦੇ ਸਿਰ ਤੇ ਕਰਜ਼ ਬੜੇ 

ਗੁਰੂ ਪੀਰ ਵੀ ਖਿੱਚ ਲਕੀਰ ਖੜੇ 

ਰਥਵਾਨ ਤਾਂ ਬਣ ਭਗਵਾਨ ਗਿਆ 

ਯੋਧੇ ਜੰਗ ਜਿੱਤ ਕੇ ਵੀ ਹਾਰ ਗਏ 

ਕੁਝ ਹਰਫ਼ ਹਕੀਕੀ ਮਾਰ ਗਏ

ਜੋ ਰਾਹ ਨਾਨਕ ਦਾ ਰੋਸ਼ਨ ਹੈ 

ਜਿੱਥੋਂ ਵਾਰਸ ਬੁੱਲਾ ਆਇਆ ਹੈ 

ਮੈਂ ਆਸ਼ਕ ਸ਼ਾਹ ਮੁਹੰਮਦ ਦਾ 

ਮੇਰਾ ਹਾਸ਼ਮ ਵੀ ਸਰਮਾਇਆ ਹੈ 

ਰਹਿਣੇ ਗੀਤ ਗੋਬਿੰਦ ਗੁਰੂ ਏਥੇ 

ਲੱਖ ਲੰਘਕੇ ਸ਼ਾਹ ਅਸਵਾਰ ਗਏ 

ਕੁਝ ਹਰਫ਼ ਹਕੀਕੀ ਮਾਰ ਗਏ

ਅੱਖਰਾਂ ਲਈ ਇਸ਼ਕ ਇਬਾਦਤ ਹੈ 

ਮੈਨੂੰ ਅਕਲਾਂ ਤੇ ਕੋਈ ਮਾਣ ਨਹੀਂ 

ਸੁਰ ਸਾਜ਼ ਤੋਂ ਸੱਖਣੀ ਸ਼ਾਇਰੀ ਜੋ 

ਮੇਰੇ ਵਿਰਸੇ ਦੀ ਪਹਿਚਾਣ ਨਹੀਂ 

ਮੇਰੇ ਗੀਤ ਇਹ ਲੋਕ ਅਮਾਨਤ ਨੇ 

ਨਹੀਂ ਹਾਕਮ ਦੇ ਦਰਬਾਰ ਗਏ 

ਕੁਝ ਹਰਫ਼ ਹਕੀਕੀ ਮਾਰ ਗਏ

ਮੇਰੇ ਬੋਲ ਹਵਾ ਵਿੱਚ ਰਹਿਣ ਸਦਾ 

ਮੇਰਾ ਐਸਾ ਕੋਈ ਵਿਸਵਾਸ਼ ਨਹੀਂ 

ਲੋਕੀ ਨਾਮ ਹਮੇਸ਼ਾਂ ਲੈਣ ਮੇਰਾ 

ਮੇਰੀ ਐਸੀ ਵੀ ਕੋਈ ਖਾਹਸ਼ ਨਹੀਂ 

ਬਸ ਮਹਿਕ ਨਾ ਭੁੱਲਣ ਮਿੱਟੀ ਦੀ 

ਜੇਹੜੇ ਗੀਤ ਸਮੁੰਦਰੋਂ ਪਾਰ ਗਏ 

ਕੁਝ ਹਰਫ਼ ਹਕੀਕੀ ਮਾਰ ਗਏ

ਸ਼ਾਇਰਾਂ ਲਈ ਇਹ ਅਰਦਾਸ ਮੇਰੀ 

ਤੁਹਾਡੀ ਸ਼ਾਇਰੀ ਵਿੱਚ ਅਸਮਾਨ ਰਹੇ 

ਤੁਸੀਂ ਤਾਰੇ ਤੋੜੋ ਅਰਸ਼ਾਂ ਦੇ 

ਪਰ ਮਿੱਟੀ ਲਈ ਸਨਮਾਨ ਰਹੇ 

ਉਹੀ ਸ਼ਾਇਰ ਸਦਾ ਪਰਵਾਨ ਹੋਏ 

ਜੇ ਲੋਕਾਂ ਦੇ ਵਿਚਕਾਰ ਗਏ 

ਕੁਝ ਸੁਖ਼ਨ ਸੁਗੰਧੀ ਬਿਖਰ ਗਈ 

ਕੁਝ ਹਰਫ਼ ਹਕੀਕੀ ਮਾਰ ਗਏ

📝 ਸੋਧ ਲਈ ਭੇਜੋ