ਸੁਰਾਂ ਜਿੰਨਾਂ ਦੀਆਂ ਕਰਕੇ ਸੀ

ਸੁਰਾਂ ਜਿੰਨਾਂ ਦੀਆਂ ਕਰਕੇ ਸੀ ਵੱਸਣਾ ਸ਼ਹਿਰ ਖ਼ਾਬਾਂ ਦਾ ।

ਬੜਾ ਹੀ ਦਰਦ ਦਿੰਦਾ ਹੈ ਜ਼ਿਕਰ ਉਹਨਾਂ ਰਬਾਬਾਂ ਦਾ ।

ਦਫ਼ਨ ਇੱਕ ਵਿੱਚ ਹੈ ਮਿੱਟੀ ਤੇ ਇੱਕ ਵਿੱਚ ਖ਼ਾਬ ਮਿੱਟੀ ਦੇ ,

ਤਦੇ ਰੁਤਬਾ ਉਚੇਰਾ ਹੈ ਏਹ ਕਬਰਾਂ ਤੇ ਕਿਤਾਬਾਂ ਦਾ ।

ਜੁਦਾ ਹੋਵੇਂ ਤਾਂ ਇੰਜ ਤਰਸੀਂ ਕਿ ਸਭ ਕੁੱਝ ਯਾਦ ਰਹਿ ਜਾਵੇ,

ਤੇ ਰਿਸ਼ਤਾ ਵੀ ਰਹੇ ਬਣਿਆ ਹੈ ਜਿਉਂ ਦੋਹਾਂ ਪੰਜਾਬਾਂ ਦਾ ।

ਉਦੋਂ ਹੱਥੋਂ ਸ਼ਿਕਾਰੀ ਦੇ ਨੇ ਡਿੱਗਦੇ ਪਿੰਜਰੇ ਦਿਸਣੇ,

ਜਦੋਂ ਵੀ ਸਾਹਮਣਾ ਹੋਇਆ ਕਿਤੇ ਜ਼ਖ਼ਮੀਂ ਉਕਾਬਾਂ ਦਾ ।

ਨੇ ਜਿਸਦੇ ਕੱਪੜੇ ਮੈਲੇ ਤੇ ਜੰਮੀ ਧੂੜ ਵੀ ਉਸਦੇ ,

ਹੈ ਪੈਰੀਂ ਡਿੱਗਣਾ ਸ਼ਮਲਾ ਕਦੇ ਵੇਹਲੜ ਨਵਾਬਾਂ ਦਾ ।

ਮਿਟੇ ਨਾਂ ਪਿਆਸ ਵੀ ਇਸ ਤੋਂ ਨਾਂ ਲੋਕਾਂ ਦੀ ਨਾਂ ਖੇਤਾਂ ਦੀ,

ਰਿਹੈ ਬੱਸ ਖ਼ੂਨ ਹੀ ਧੋਂਦਾ ਏਹ ਪਾਣੀ ਪੰਜ-ਆਬਾਂ ਦਾ ।

📝 ਸੋਧ ਲਈ ਭੇਜੋ