ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ

ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ ਵਿਚ

ਸੱਪਣੀ ਦੀ ਅੱਖ ਦਾ ਸਰੂਰ

ਅੰਬਰਾਂ ਤੋਂ ਪਾਰ ਜੋ ਫ਼ਰਿਸ਼ਤੇ ਵੀ ਵੱਸਦੇ ਨੇ

ਧਰਤੀ ਦਾ ਝਾਕਦੇ ਨੇ ਨੂਰ

ਮਿਹਨਤਾਂ-ਮੁਸ਼ੱਕਤਾਂ 'ਚ ਰੱਤ ਜਿਹੜੇ ਡੋਲ੍ਹਦੇ ਨੇ

ਸ਼ਾਮ ਵੇਲੇ ਪਲ ਵਿਸ਼ਰਾਮ

ਆਲ੍ਹਣੇ 'ਚ ਬੈਠ ਕੇ ਸਕੂਨ ਘੜੀ ਮਾਣਦੇ ਨੇ

ਦੁੱਖਾਂ ਵਾਲੇ ਘੋੜ ਬੇ ਲਗਾਮ

ਦੁਨੀਆ ਹੀ ਘਰ ਭਾਵੇਂ ਬੰਦੇ ਦਾ ਹੈ ਹੋਂਵਦੀ

ਕੁਲੀ ਜੇਹਾ ਕਿਤੇ ਗ਼ਰੂਰ

ਘੜੀ-ਪਲ ਵਿਹਲ ਜਦੋਂ ਮਿਲਦੀ ਮਜ਼ੂਰੀਆਂ 'ਚੋਂ

ਅੱਖ ਭਰ ਲੈਂਦੇ ਉਦੋਂ ਯਾਰ

ਵਤਨਾਂ ਤੋਂ ਪਾਰ ਗਏ ਯਾਰ ਪਰਦੇਸ ਜਿਹੜੇ

ਸ਼ਾਮ ਵੇਲੇ ਮੋੜਦੇ ਮੁਹਾਰ

ਪੱਤਣਾਂ 'ਤੇ ਬੇੜੀਆਂ 'ਚ ਪੂਰ ਲੱਦੇ ਜਾਂਵਦੇ ਨੇ

ਲੱਦੇ ਅਉਣ ਪਾਰ ਤੋਂ ਵੀ ਪੂਰ

ਪਰਬਤਾਂ-ਪਹਾੜੀਆਂ ਦੀ ਕੁੱਖ ਵਿਚੋਂ ਜਨਮੇ ਜੋ

ਨਾਗ਼ਾਂ ਵਾਂਗੂੰ ਸ਼ੁਕਦੇ ਨੇ ਨੀਰ

ਰਾਹਾਂ ਦੀਆਂ ਰੋਕਾਂ ਵਿਚ ਅਟਕ ਕੇ ਬਹਿੰਦੇ ਨਾਹੀਂ

ਤੁਰੇ ਰਹਿਣ ਰਮਤੇ-ਫ਼ਕੀਰ

ਨੇਮਾਂ ਵਿਚ ਬੱਝੇ ਇਹ ਫ਼ਰਿਸ਼ਤੇ ਨੇ ਧਰਤੀ ਦੇ

ਮੰਜ਼ਿਲਾਂ ਨੂੰ ਮੰਨਦੇ ਨੇ ਹੂਰ

ਸ਼ਾਮਾਂ 'ਤੇ ਸਵੇਰਿਆਂ ਦੇ ਭੇਦ ਜਿਨ੍ਹਾਂ ਮੇਟ ਦਿਤੇ

ਘੜੀ ਦੀਆਂ ਸੂਈਆਂ ਵਿਚ ਜਾਨ

ਅਸਾਂ ਪਰਦੇਸੀਆਂ ਲਈ ਸੁਬਹ ਅਤੇ ਸ਼ਾਮ ਕੀ

ਕੰਮਾਂ ਵਿਚ ਰਹੀਏ ਗ਼ਲਤਾਨ

ਕੈਸੀ ਮਹਾ ਨਗਰਾਂ ਨੇ ਘੜ ਦਿਤੀ ਹੋਣੀ ਹੁਣ

ਰੂਹ ਕੋਲੋਂ ਬੰਦਾ ਕੋਹਾਂ ਦੂਰ

📝 ਸੋਧ ਲਈ ਭੇਜੋ