ਉਹ ਤਾਂ ਨੰਗੇ ਸਿਰਾਂ ਵਾਲੇ ਸੀ

ਨਹੀਂ ਜਾਣਦੇ ਸੀ ਉਹ

ਟੋਪੀਆਂ ਤੱਕ ਦੀ ਅਹਿਮੀਅਤ

ਤੇ ਤੁਸੀਂ ਆਪਣੇ ਹੱਕ ਦੀ

ਕਣੀ ਕਣੀ ਜੜ੍ਹ ਦਿੱਤੀ

ਉਹਨਾਂ ਦੇ ਤਾਜ ਦੇ ਮੁਕਟ ਵਿੱਚ

ਤੁਸੀ ਹੀ ਉਹਨਾਂ ਨੂੰ ਹਕੂਮਤ ਦੇ

ਦਾਅਵੇਦਾਰ ਬਣਾਇਆ ਹੈ

ਤੁਸੀਂ ਸੋਚਿਆ ਹੋਣਾ

ਉਹ ਤਾਜ ਪਹਿਨ ਕੇ

ਤੁਹਾਡੇ ਅਹਿਸਾਨਾਂ ਦਾ ਮੁੱਲ ਮੋੜਨਗੇ

ਤੁਹਾਡੀ ਜੜ੍ਹੀ ਕਣੀ

ਉਹਨਾਂ ਦੇ ਮੱਥੇ ਤੋਂ ਲਿਸ਼ਕੋਰ

ਤੁਹਾਡੇ ਵਿਹੜੇ ਮਾਰੇਗੀ

ਤੇ ਧੋਤੇ ਜਾਣਗੇ ਤੁਹਾਡੀਆਂ ਪੀੜ੍ਹੀਆਂ ਦੇ ਧੋਣੇ

ਮੇਰੇ ਵਤਨ ਦੇ ਭੋਲਿਓਂ

ਕਿਉਂ ਭੁੱਲ ਜਾਂਦੇ ਹੋ

ਤਖ਼ਤਾਂ ਦੇ ਮਾਲਕ

ਹੇਠਾਂ ਨਹੀਂ

ਉੱਪਰ ਵੱਲ ਵੇਖਦੇ ਨੇ

ਤੁਸੀਂ ਤਾਂ ਧਰਤੀ ਹੇਠਾਂ ਦੱਬਦੇ ਜਾਣ ਵਾਲੇ

ਲੋਕ ਹੋ

ਤੁਸੀਂ ਬੱਸ ਆਸਾਂ ਦਾ ਢੇਰ ਲਾਈ ਰੱਖੋ

ਉਹਨਾਂ ਦੇ ਲਾਰਿਆਂ ਨੂੰ ਲੂਣ ਦੀ ਡਲੀ ਸਮਝ

ਚੱਖਦੇ ਰਹੋ

ਉਹ ਤੁਹਾਡੇ ਸੁਪਨਿਆਂ ਦੇ ਕਾਤਲ

ਮੁੜ ਤੋਂ ਤੁਹਾਨੂੰ ਲਲਚਾਉਣ ਦੇ

ਤਰੀਕੇ ਲੱਭ ਕੇ ਰੱਖਣਗੇ।

📝 ਸੋਧ ਲਈ ਭੇਜੋ