ਟੈਂਕਾ ਟਣਕਦੀ ਹਰ ਦੀ ਤਾਰ ਅੰਦਰ, ਵਾਜਾ ਇਸ ਸਰੀਰ ਦੇ ਸਾਜਦਾ ਈ।

ਅਨਹਦ ਧੁਨੀ ਹਮੇਸ਼ ਹੀ ਵਜਦਾ ਹੈ, ਕਠਨ ਸਮਝਨਾ ਗ਼ੈਰ ਦੇ ਰਾਜ਼ ਦਾ ਈ।

ਜੋ ਬ੍ਰਹਮੰਡ ਉੱਤੇ ਸੋਈ ਪਿੰਡ ਅੰਦਰ, ਲੇਖਾ ਕੁੱਝ ਨਾ ਅੰਤ ਹਿਸਾਬ ਦਾ ਈ।

ਦਿਲ ਹੈ ਦਰਿਆਉ ਸਮੁੰਦਰ ਸਾਗਰ, ਲਹਿਰਾਂ ਫੁਰਨਿਆਂ ਨਾਲ ਸੇ ਵਗਦਾ ਈ।

ਜੇਕਰ ਘਰ ਮੇਂ ਪਈ ਨਾ ਵਸਤ ਲੱਭੀ, ਬਾਹਰ ਕੁੱਝ ਢੂੰਡਿਆ ਲੱਭਦਾ ਈ।

ਇਸ ਦਿਲੋਂ ਸਮੁੰਦਰ ਮੇਂ ਮਾਰ ਟੁੱਬੀ, ਲਾਲ ਲੱਭ ਜੇ ਤੈਂਡੜੇ ਭਾਗ ਦਾ ਈ।

ਤਿੱਚਰ ਦੇਹ ਦੀ ਕੋਠੜੀ ਵਿੱਚ ਨ੍ਹੇਰਾ ਜਿੱਚਰ ਗਿਆਨ ਚਿਰਾਗ ਨਾ ਜੱਗ ਦਾ ਈ।

ਮਰ ਗਿਆਂ ਨੂੰ ਮਿਲੇ ਸਵਰਗ ਨਾਹੀਂ, ਜਿਹੜਾ ਜੀਂਵਦਾ ਦੁੱਖ ਨਾ ਝਾਗ ਦਾਈ

ਜੀਊਂਦਾ ਮਰੇ ਜੋ ਮਰੇ ਫੇਰ ਜੀਵੇ, ਸਹੇ ਡੰਗ ਨਾ ਕਾਲ ਦੇ ਨਾਗਦਾ ਈ।

ਦੁੱਖ ਪਾਇਕੇ ਪੇਟ ਨੂੰ ਸੁੱਖ ਹੁੰਦਾ, ਫੰਦ ਏਸ ਨੇ ਲਿਆ ਜਲਾਬ ਦਾ ਈ।

ਪੰਜ ਚੋਰਾਂ ਨੇ ਲੁਟਣਾ ਮਾਲ ਓਦਾ, ਜਿਹੜਾ ਸੁੱਤੜਾ ਪੁਰਸ਼ ਨਾ ਜਾਗਦਾ ਈ।

ਬੰਦੇ ਬੰਦਗੀ ਛੋਡ ਮਗ਼ਰੂਰ ਹੋਇਆ ਏ, ਪਰਵਾਨਾ ਕਲ੍ਹ ਤੇ ਅੱਜ ਦਾ ਈ।

ਛੱਡ ਜਾਣੀਆਂ ਮਜਲਸਾਂ ਸੈਰ-ਗ਼ਲੀਆਂ, ਮੇਲਾ ਵੇਖ ਲੈ ਚਾਰ ਦਿਨ ਜੱਗ ਦਾ ਈ।

ਬੰਦੇ ਲੰਮੀਆਂ ਵੱਡੀਆਂ ਕਰੇ ਆਸਾਂ, ਕਾਗ਼ਦ ਪਾਸ ਔਹਦ-ਮੁਨਿਆਦ ਦਾ

ਗ਼ਾਫ਼ਲ ਹੋਇਕੇ ਮੂਰਖਾ ਸੋਏ ਰਹਿਓ. ਪਤਾ ਕੁੱਝ ਨਾ ਵਿਗੜੇ ਕਾਜ ਦਾ ਈ।

ਫੇਰ ਕਲ੍ਹ ਨੂੰ ਮੂਲ ਨਾ ਹੱਥ ਆਵੇ, ਜਿਹੜਾ ਵੇਲੜਾ ਪੁੰਜਿਆ ਆਜ ਦਾ ਈ।

ਪਾਣੀ ਅੱਗ ਦੇ ਆਸਰੇ ਤੁਰੇ ਇੰਜਨ, ਬੰਦਾ ਪੁਤਲਾ ਆਜ ਅਨਾਜ ਦਾ ਈ।

ਅੱਗੇ ਮੌਤ ਦੇ ਜੀਵ ਦਾ ਉਜਰ ਨਾਹੀਂ, ਜਿਵੇਂ ਜੁੱਧ ਚਿੜੀ ਤੇ ਬਾਜ਼ ਦਾ ਈ।

ਉੱਚਾ ਮਰਤਬਾ ਨਾਮ ਦੇ ਸਿਮਰਨੇ ਦਾ, ਕਰਮਾਂ ਵਾਲੜੇ ਕਿਸੇ ਨੂੰ ਲਾਭ ਦਾ ਈ।

ਨਾਮ ਸਾਬਣ ਲਾ ਚਿੱਤ ਮੇਂ ਦੇਵਾ ਸਿੰਘ, ਹੋਵੇ ਨਿੱਤ ਅਸ਼ਨਾਨ ਪਰਾਗ ਦਾ ਈ।

📝 ਸੋਧ ਲਈ ਭੇਜੋ