ਟੈਂਕਾ ਆਖਦਾ ਟਲੇ ਤਕਦੀਰ ਨਾਹੀ, ਮਾਰੇ ਜਾਲ ਇਨਸਾਨ ਨੂੰ ਪਾਇਕੇ ਜੀ।
ਲੱਦ ਗਏ ਲੁਕਮਾਨ ਹਕੀਮ ਜੇਹੇ, ਰੱਖਣ ਜਾਣਦੇ ਜਾਨ ਅਟਕਾਇਕੇ ਜੀ।
ਮਾਰੇ ਲੇਖ ਤਕਦੀਰ ਦੇ ਗਏ ਰੋਂਦੇ, ਵੱਡੇ-ਵੱਡੇ ਬੁਲੰਦ ਕਹਾਇਕੇ ਜੀ।
ਰੋਂਦੇ ਗਏ ਰਾਗੀ ਤਾਨਸੈਨ ਜੇਹੇ, ਵੇਲੇ ਵਖਤ ਦੇ ਰਾਗ ਨੂੰ ਗਾਇਕੇ ਜੀ।
ਰੋਂਦਾ ਗਿਆ ਜਹਾਨ ਤੋਂ ਜਨਮੇਜਾ, ਬੇਦ-ਬਿਆਸ ਤੋਂ ਹਾਲ ਪੁਛਾਇਕੇ ਜੀ।
ਰਾਮਚੰਦ ਰੋਂਦੇ ਜ਼ਾਰੋ-ਜ਼ਾਰ ਕਰਕੇ, ਲਛਮਣ ਡਿੱਗਿਆ ਮੂਰਛਾ ਖਾਇਕੇ ਜੀ।
ਰੋਂਦੇ ਪਾਂਡਵਾਂ ਨੇ ਜੂਆ ਖੇਲਿਆ ਸੀ, ਚੀਰ ਦਰੋਪਤੀ ਸਭਾ ਲੁਹਾਇਕੇ ਜੀ।
ਇੰਦ੍ਰ ਰੋਂਵਦਾ ਸਹਸ ਭਗ ਚਿਹਨ ਹੂਏ, ਗੋਤਮ ਰਿਖੀ ਦੇ ਗ੍ਰਿਹਸਤ ਮੇਂ ਜਾਇਕੇ ਜੀ।
ਰੋਂਦੇ ਗਏ ਕਾਰੂੰ ਬਾਦਸ਼ਾਹ ਜਿਹੇ, ਗੰਜ ਦੌਲਤਾਂ ਜਮਾਂ ਕਰਾਇਕੇ ਜੀ।
ਰੋਂਦੇ ਗਏ ਆਲਮ ਨੁਕਤਾਚੀਨ ਜਿਹੜੇ, ਇਕੋ ਅਲਫ਼ ਦਾ ਹਰਫ਼ ਭੁਲਾਇਕੇ ਜੀ।
ਸੁਲੇਮਾਨ ਨੇ ਖ਼ੁਦੀ-ਗੁਮਾਨ ਕੀਤੀ, ਰੱਬ ਛੱਡਿਆ ਭੱਠ ਝੁਕਾਇਕੇ ਜੀ।
ਏਥੇ ਰੋਂਵਦੇ ਗਏ ਅਬਲੀਸ ਜੇਹੇ, ਜਾਮਾ ਲਾਨ੍ਹਤੀ ਦਾ ਗਲੇ ਪਾਇਕੇ ਜੀ।
ਰੋਂਦੇ ਗਏ ਬਾਬਾ ਆਦਮ ਹੱਵਾ ਅੰਮਾਂ, ਦਾਣਾ ਕਣਕ ਦਾ ਭੁੱਲ ਗਏ ਖਾਇਕੇ ਜੀ।
ਦਯਾ ਸਿੰਘ ਜਿਸਨੇ ਪਾਵੇ ਕਾਲ ਬੱਧਾ, ਰਾਵਨ ਛੱਡਿਆ ਕਾਲ ਨੇ ਖਾਇਕੇ ਜੀ।