ਤੱਕਲੇ ਨਾਲੋਂ ਟੁੱਟੀ ਹੋਈ

ਤੱਕਲੇ ਨਾਲੋਂ ਟੁੱਟੀ ਹੋਈ ਤੰਦ ਏ ਜਿੰਦੜੀ।

ਜੁੱਸੇ ਦੀ ਅਲਮਾਰੀ ਅੰਦਰ ਬੰਦ ਏ ਜਿੰਦੜੀ।

ਕਿਵੇਂ ਮਿਲੀਏ ਪਾ ਕੇ ਲੀੜੇ ਸ਼ੀਸ਼ੇ ਦੇ,

ਅੱਧ ਵਿਚਕਾਰ ਖਲੋਤੀ ਪੱਕੀ ਕੰਧ ਏ ਜਿੰਦੜੀ।

ਮੈਂ ਤੇ ਉਹਦੇ ਚਾਅ ਪਈ ਪੂਰੇ ਕਰਨੀ ਆਂ,

ਉਹ ਕਹਿੰਦਾ ਏ ਮੈਨੂੰ ਬੜੀ ਪਸੰਦ ਏ ਜਿੰਦੜੀ।

ਤੂੰ ਭੋਲ਼ਾ ਐਂ ਤੂੰ ਕੀ ਜਾਣੇ ਜਿੰਦੜੀ ਨੂੰ,

ਤੇਰੀਆਂ ਸੋਚਾਂ ਨਾਲੋਂ ਉੱਚ ਬੁਲੰਦ ਏ ਜਿੰਦੜੀ।

ਕਦੀ ਕਦੀ ਵਰਤਾਰਾ ਕਰਦੀ ਭੈਣਾਂ ਵਾਂਗ,

ਕਦੀ ਕਦੀ ਲੱਗਦਾ ਏ ਸੱਸ ਜਾਂ ਨੰਦ ਏ ਜਿੰਦੜੀ।

ਚੁੱਪ ਰਹਵੇਂ ਤੇ ਜ਼ਹਿਰੀ ਹਰ ਸ਼ੈ ਲਗਦੀ ਏ,

ਬੋਲ ਪਵੇਂ ਤੇ ਲਗਦਾ ਏ ਗੁਲਕੰਦ ਏ ਜਿੰਦੜੀ।

📝 ਸੋਧ ਲਈ ਭੇਜੋ