ਤੱਤਾ ਤਿੰਨ ਹੈ ਕਾਲ ਜਹਾਨ ਮਿਥਿਆ, ਐਵੇਂ ਕੂੜ ਹੀ ਸਭ ਹੈ ਭਾਸਦਾ ਈ।

ਜੈਸਾ ਖ਼ਾਬ ਸੁਫਨੇ ਅੰਦਰ ਰਾਜ ਕੀਤਾ, ਅੱਖ ਉੱਘੜੀ ਝੂਠ ਬਿਲਾਸਦਾ ਈ।

ਕੁਝ ਨਾਮ ਦਾ ਕਰੀਂ ਉਪਾਓ ਬੰਦੇ, ਅੱਜ-ਕਲ੍ਹ ਤੁਹਿ ਕਾਲ ਗਰਾਸਦਾ ਈ।

ਬੰਦੇ ਚੌਵੀ ਹਜ਼ਾਰ ਸਵਾਸ ਤੇਰਾ, ਘਤ ਜਾਂਵਦਾ ਦਿਨ ਤੇ ਰਾਤ ਦਾ ਈ।

ਛੇਤੀ ਮਾਲ ਖ਼ਰੀਦ ਬਪਾਰੀਆ ਓਏ, ਤੈਨੂੰ ਪਤਾ ਨਾ ਘਟਦੀ ਰਾਸ ਦਾ ਈ।

ਸਵਾਸ-ਸਵਾਸ ਨਾਲ ਸਾਹਿਬ ਦਾ ਜਾਪ ਕਰੀਏ, ਖ਼ਾਲੀ ਜਾਵਣਾ ਬੁਰਾ ਸਵਾਸ ਦਾ ਈ।

ਪਲ-ਪਲ ਘੜੀ ਛਿਨ-ਛਨ ਬੰਦੇ, ਦਿਨ-ਦਿਨ ਘਟੇ ਨਹੀਂ ਰਾਤ ਦਾ ਈ।

ਸਿਮਰ ਬੰਦਿਆਂ ਨਾਮ ਪਰਮਾਤਮਾ ਦਾ, ਬੁੱਕ ਖ਼ਾਕ ਦਾ ਅੰਤ ਨੂੰ ਖ਼ਾਕ ਦਾ ਈ।

ਨੀਵੇਂ ਹੋਇਕੇ ਯਾਰ ਨੂੰ ਜਾ ਮਿਲੀਏ, ਓਥੇ ਕੰਮ ਨਾ ਖ਼ੁਦੀ ਦਾ ਦਿਮਾਗ਼ ਦਾ

ਨਾਮ ਬਿਨਾਂ ਮਨੁੱਖ ਦਾ ਧ੍ਰਿਗ ਜੀਊਣਾ, ਨਿਸਫਲ ਪਹਿਣਨਾਂ ਸੂਫ ਬਨਾਤ ਦਾ ਈ।

ਬੰਦਾ ਛੁਪਕੇ ਆਪ ਅਪਰਾਧ ਕਰਦਾ, ਰੱਬ ਚਿੱਤ ਦੀ ਚਿੱਠੀ ਨੂੰ ਵਾਚਦਾ ਈ।

ਪੁਰਸ਼ ਵਿਸ਼ੇ ਵਿਕਾਰ ਸੁਆਦ ਅੰਦਰ, ਮੱਖੀ ਵਾਂਗ ਮਿਠਾਸ ਨੂੰ ਫਾਸਦਾ ਈ।

ਲਵੋ ਬਾਸ ਸੁਗੰਧਤ ਨਾਮ ਕਾਰਨ, ਸੁਆਦ ਸਾਰੀਆਂ ਜੀਭ ਨਾ ਚਾਖਦਾ

ਮਨ ਇਛੜੇ ਭੋਗ ਬਿਲਾਸ ਕਰਦਾ, ਦੇਣਹਾਰ ਨੂੰ ਚਿੱਤ ਨਾ ਰਾਖ ਦਾ ਈ।

ਜੈਸੀ ਕਰੇ ਕੋਈ ਤੈਸੀ ਭਰੇ ਗਾ ਈ, ਜੈਸਾ ਖੇਤ ਬੀਜੇ ਤੈਸਾ ਵਾਢਦਾ ਈ।

ਦੇਹ ਦੁਨੀਆਂ ਸਤਰ ਕਹਿਣ ਆਖ਼ਰ, ਦਿੱਤਾ ਮਿਲੂਗਾ ਆਪਣੇ ਹਾਥ ਦਾ ਈ।

ਰੱਖੀ ਕਾਲ ਦੀ ਕਲ੍ਹ ਉਡੀਕ ਬੰਦੇ, ਖ਼ਰਚ ਬੰਨ੍ਹਿਆਂ ਜੋ ਲੰਮੀ ਵਾਟ ਦਾ ਈ।

ਜੀਆਂ ਮਿਰਗ ਦੇ ਵਾਂਗਰਾਂ ਚਰ ਦਿਆਂ ਨੂੰ, ਕਾਲ ਹੇੜੀਆਂ ਵਾਂਗਰਾ ਝਾਕਦਾ ਈ।

ਜੀਹਦੀ ਜੱਗ ਤੋਂ ਚੋਗ ਨਖੁੱਟ ਗਈ, ਵੈਦ ਓਸ ਨੂੰ ਰੱਖ ਸਕਦਾ ਈ।

ਪੁੱਜ ਹਾੜੀ ਦੀ ਮੁਨਿਆਦ ਜਾਸੀ, ਮਹੀਨਾ ਗਿਆ ਜਦੋਂ ਵਸਾਖ ਦਾ ਈ।

ਰਾਣਾ ਰਾਓ ਕੰਗਾਲ ਤੇ ਪਾਤਸ਼ਾਹ ਜੋ, ਕਾਲ ਸਰਬ ਦੇ ਸੀਸ ਤੇ ਬਿਆਪਦਾ ਈ।

ਜੀਵ-ਜੰਤ ਜੋ ਦਿਸੇ ਬ੍ਰਹਮੰਡ ਸਾਰਾ, ਸਭ ਚੱਲਣੇਹਾਰ ਹੀ ਭਾਸਦਾ ਈ।

ਏਥੇ ਥਿਰ ਨਹੀਂ ਸੂਰਜ ਚੰਦ ਰਹਿਨਾ, ਬਣੂੰ ਚੱਲਅਣਾ ਧਰਤ ਅਕਾਸ਼ ਦਾ ਈ।

ਦੇਵਾ ਸਿੰਘ ਪੁਕਾਰਦੇ ਵੇਦ ਚਾਰੇ, ਇਕੋ ਸੱਤ ਹੋਰ ਸਰਬ ਹੀ ਨਾਸ ਦਾ ਈ।

📝 ਸੋਧ ਲਈ ਭੇਜੋ