ਤੱਤਾ ਆਖਦਾ ਤਮ੍ਹਾਂ ਨੇ ਗਾਲਿਆ ਤੂੰ, ਤਮ੍ਹਾਂ ਬੁਰੀ ਬਦਕਾਰ ਕਹਾਉਂਦੀ ਏ।
ਤਮ੍ਹਾਂ ਧਾਰ ਕੇ ਰੂਪ ਜਲਾਦ ਵਾਲਾ, ਬੰਦੇ-ਬਸ਼ਰ ਦਾ ਖ਼ੂਨ ਕਰਾਉਂਦੀ ਏ।
ਬੜੇ ਚੈਨ-ਅਰਾਮ ਨਾਲ ਬੈਠਿਆਂ ਨੂੰ, ਤਮ੍ਹਾਂ ਚੰਦਰੀ ਮਾਮਲੇ ਪਾਉਂਦੀ ਏ।
ਤਮ੍ਹਾਂ ਜ਼ੁਲਮ ਕਰਾਂਵਦੀ ਜ਼ਾਲਮਾਂ ਤੋਂ, ਫਾਂਸੀ ਅਦਲਦੇ ਨਾਲ ਚੜ੍ਹਾਉਂਦੀ ਏ।
ਚੋਰੀ-ਦਗ਼ਾ ਕਰਾਂਵਦੀ ਆਦਮੀ ਤੋਂ, ਪੈਰੀਂ ਪਕੜਕੇ ਬੇੜੀਆਂ ਪਾਉਂਦੀ ਏ ।
ਤਮ੍ਹਾਂ ਪਾਂਵਦੀ ਸਫ਼ਰ ਮੁਸਾਫ਼ਰਾਂ ਨੂੰ, ਦੇਸੋਂ ਕੱਢ ਪ੍ਰਦੇਸ਼ ਲੈ ਜਾਉਂਦੀ ਏ।
ਤਮ੍ਹਾਂ ਹਿਰਸ ਜਹਾਨ ਦੀ ਵਿਚ ਪਾਕੇ, ਸੱਚੇ ਰੱਬ ਦਾ ਨਾਮ ਭੁਲਾਉਂਦੀ ਏ।
ਤਮ੍ਹਾਂ ਹੋਰ ਮਕਾਨ ਅਬਾਦ ਕਰਦੀ, ਜੰਦਰਾ ਆਪਣੇ ਬਾਰ ਨੂੰ ਲਾਉਂਦੀ ਏ।
ਤਮ੍ਹਾਂ ਪਾਪ ਕਰਾਉਂਦੀ ਪਾਪੀਆਂ ਤੋਂ, ਹੱਥੀਂ ਆਪਣੀਂ ਜ਼ਹਿਰ ਪਿਲਾਉਂਦੀ ਏ।
ਤਮ੍ਹਾਂ ਕੱਢ ਸਵਰਗ-ਬਹਿਸ਼ਤ ਵਿਚੋਂ, ਵਿੱਚ ਹਾਵੀਆਂ ਦੋਜ਼ਖਾਂ ਪਾਉਂਦੀ ਏ।
ਤਮ੍ਹਾਂ ਰਾਮ ਦਾ ਨਾਮ ਭੁਲਾਇਕੇ ਤੇ, ਮਾਲਾ ਫੇਰਦੀ ਆਪਣੇ ਨਾਉਂ ਦੀ ਏ।
ਤਮ੍ਹਾਂ ਕੁੱਲ ਮਖ਼ਲੂਕ ਦੇ ਬੰਦਿਆਂ ਨੂੰ, ਮਕਤਬ-ਹਿਰਸ ਦੇ ਵਿਚ ਪੜ੍ਹਾਉਂਦੀ ਏ।
ਤਮ੍ਹਾਂ ਨੇਮ ਕਰਾਉਂਦੀ ਮੁਸਲਮਾਨਾਂ, ਸਿਰ ਤੇ ਪਾਕ ਕਰਾਣ ਚੁਕਾਉਂਦੀ ਏ।
ਵੱਸ ਤਮ੍ਹਾਂ ਨੇ ਮੁਲਕ ਤਮਾਮ ਕੀਤਾ, ਜਿੱਧਰ ਚਾਹੁੰਦੀ ਪਕੜ ਚਲਾਉਂਦੀ ਏ।
ਤਮ੍ਹਾਂ ਜਾਇਕੇ ਵਿਚ ਕਚਹਿਰੀਆਂ ਦੇ, ਅੱਗੇ ਹਾਕਮਾਂ ਕੁਫ਼ਰ ਬਕਾਉਂਦੀ ਏ।
ਤਮ੍ਹਾਂ ਤਲਬ ਕਰਾਉਂਦੀ ਤਿਆਗੀਆਂ ਤੋਂ, ਸੁੱਤੇ ਪਏ ਨੂੰ ਫੇਰ ਜਗਾਉਂਦੀ ਏ।
ਸੁਬਾ-ਸ਼ਾਮ ਤਮਾਮ ਅਰਾਮ ਨਾਹੀਂ, ਤਮ੍ਹਾਂ ਭੂਤਨੇ ਵਾਂਗ ਨਚਾਉਂਦੀ ਏ।
ਤਮ੍ਹਾਂ ਚੰਦਰੀ ਸਤ ਸੰਤੋਖੀਆਂ ਦਾ, ਇੱਕ ਪਲਕ ਵਿੱਚ ਧਰਮ ਡੁਲਾਉਂਦੀ ਏ।
ਕਾਰੂੰ ਬਾਦਸ਼ਾਹ ਜਿਹਾ ਨੂੰ ਦਯਾ ਸਿੰਘਾ, ਵਿਚ ਜੱਗ ਦੇ ਨਸ਼ਰ ਕਰਾਉਂਦੀ ਏ।