ਜਿਮੀਂ ਆਪਣੀ ਹੋਏ ਲੱਖ ਮਾਰੂ, ਪਰਾਈ ਪੈਲ਼ੀ ਨਾ ਜੋਤਰਾ ਲਾਈਏ ਜੀ।
ਮਾਲ ਹਰਾਮ ਦਾ ਓਵੇਂ ਤਿਆਗ ਦੇਈਏ, ਮਾਸ ਸੱਪ ਦਾ ਜਿਵੇਂ ਨਾ ਖਾਈਏ ਜੀ?
ਕੰਨ ਪਾੜ ਕੇ ਜੋਗੀ ਜੇ ਬਣ ਜਾਈਏ, ਭਸਮ ਪਾਊਡਰ ਨਾਲ਼ ਨਾ ਘਸਾਈਏ ਜੀ।
ਦੱਸੋ ਗੁੱਸੇ ‘ਤੇ ਕਿਵੇ ਰਹੇ ਕਾਬੂ, ਅੰਨ ਰੇਹਾਂ –ਸਪਰੇਹਾਂ ਵਾਲ਼ੇ ਖਾਈਏ ਜੀ।
ਤਕਦੀਰ ਆਪੇ ਲੱਗੂ, ਤਦਬੀਰ ਅੱਗੇ, ਫ਼ਰਹਾਦ ਜਿਹਾ ਜਿਗਰਾ ਬਣਾਈਏ ਜੀ।
ਮਧਾਣੀ ਸੋਚ ਦੀ ਪਾ ਸਮੇਂ ਦੀ ਚਾਟੀ ‘ਚ, ਛੰਦ ਮਖਣੀ ਜਿਹੇ ਕੱਢ ਲਿਆਈਏ ਜੀ।
ਤੱਤ ਤੱਤੀਆਂ ਬਾਤਾਂ ‘ਚੋਂ ਕੱਢ ਲਈਏ, ਸਿਆਣਕੋਸ਼ ਤਾਹੀਂ ਲਿਖ ਪਾਈਏ ਜੀ।
ਧੂਣੀ ਆਪਣੀ ਦੀ ਨਿੱਘ ਹੋਏ ਲੱਖ ਮੱਠੀ, ਅੱਗ ਬੇਗਾਨੀ ਨਾ ਸੇਕਣ ਜਾਈੇਏ ਜੀ
ਕੱਕੜੀ ਅੱਕ ਦੀ ਪਾਉਣ ਦੀ ਮਨਸ਼ਾ ‘ਚ, ਹੱਥੋਂ ਅੰਬ ਸੰਧੂਰੀ ਨਾ ਗਵਾਈਏ ਜੀ।
ਜਿਹੜੇ ਮਿਲਾਂਵਦੇ ਵਿਛੜੇ ਵੇਲੀਆਂ ਨੂੰ, ਨਾਥਾਂ ਉਹਨਾਂ ਨੂੰ ਹੀ ਧਿਆਈਏ ਜੀ।
ਮੁੰਦਰਾਂ ਜਿਨ੍ਹਾਂ ਦੇ ਕੰਨਾ ‘ ਚ ਹੋਣ ਪਾਈਆਂ, ਉਨ੍ਹਾਂ ਨਾਲ਼ ਨਾ ਮੂਲ ਟਕਰਾਈਏ ਜੀ।
ਸ਼ਾਦੀ ਬੇਟੀ ਦੀ, ਸੌਦਾ ਨਫ਼ੇ ਦਾ, ਬੋਲ ਵੱਡੇ ਦੇ ਕਦੇ ਨਾ ਪਲਟਾਈਏ ਜੀ।
ਖਾਕ ਖਾਏ ਤੇ ਖਸਮ ਦੀ ਖੰਡ ਆਖੇ,ਐਸੇ ਫੱਕਰ ਤੋਂ ਸਦਕੜੇ ਜਾਈਏੇ ਜੀ।
ਜਿਨਾਂ ਮੱਛਰਾਂ ਦੇ ਮਰਦ ਬਣਾ ਦਿੱਤੇ, ਉਨ੍ਹਾਂ ਮੁਰਸ਼ਦਾਂ ਨੂੰ ਸਿਰ ਤੇ ਚਾਈਏ ਜੀ।
ਫਿਕਰ ਫਤੂਰ ਦਾ ਫੱਕਰ ਨਾਲ ਮੇਲ ਨਾਹੀਂ,ਮਨ ਮੌਜ ਦਾ ਮੇਲ ਮਿਲਾਈਏੇ ਜੀ।
ਅਨਲਹੱਕ ਆਖਣਾ ਅਸਾਂ,ਅਸਾਂ ਦਾ ਅੰਤ ਹੋ ਕੇ,ਭਾਵੇਂ ਚਾ ਸੂਲੀ ਲਟਕਾਈਏ ਜੀ।
ਜੀਂਦਾ ਰਹਿ ਪਿਆਰਿਆ' ਆਖ ਮੁੱਖੋਂ, ਸੂਮ ਸਖੀ ਨੂੰ ਆਪਣਾ ਬਣਾਈਏ ਜੀ।
ਵਾਸ਼ ਹਿੰਗ ਦੀ ਵਾਂਗਰ ਫੈਲ ਜਾਣਾ, ਮੁੱਖੋਂ ਸੁਖਨ ਵੀ ਜਿਹੜਾ ਅਲਾਈਏ ਜੀ।
ਸ਼ਕਲ ਸਰੀਫ ਦੀ ਅਕਲ ਕੰਜਰਾਂ ਦੀ, ਵਾਂਗ ਬਲੀ ਦੇ ਬੱਕਰੇ ਝਟਕਾਈਏ ਜੀ।
ਹੁਕਮ ਮੰਨੀਏ ਹਾਕਮਾਂ ਹੱਕ ਵਾਲਿਆਂ ਦਾ,ਨਿਹੱਕਿਆਂ ਨੂੰ ਦੂਰੋਂ ਦੁਰਕਾਈਏ ਜੀ।
ਵੈਰ ਵਾਦੀਆਂ ਜਿੰਨਾਂ ਨੂੰ ਭੈੜੀਆਂ ਨੇ,ਵਕਤ ਉਹਨਾਂ ਨਾਲ ਨਾ ਵਿਹਾਈਏ ਜੀ।
ਗੁਮਾਨ ਕਾਤਲ ਹੈ ਅਕਲ ਅਕੀਦਿਆਂ ਦਾ, ਪੱਲਾ ਏਸ ਤੋਂ ਮੂਲ ਛੁਡਾਈਏ ਜੀ।
ਕਰਕੇ ਕਾਲੀਆਂ ਬੱਗੀਆਂ ਹਜ਼ਮਤਾਂ, ਲਾਜ਼ ਸਿਆਣਪਾਂ ਨੂੰ ਨਾ ਲਾਈਏ ਜੀ।
ਬੈਠੇ ਦਫਤਰਾਂ ਅੰਦਰ ਨੇ ਹੱਥ ਅੱਡੀਂ,ਲਾਹਨਤ ਕਿਰਤ ਉਹਨਾਂ ਦੀ ਨੂੰ ਪਾਈਏ ਜੀ।
ਚਿਹਰਾ ਚੋਪੜ ਆਰਸੀ ਨਾਲ ਵੇਖਣ, ਡੱਕਾ ਕੰਮ ਦਾ ਕੀ ਉਹਨਾਂ ਤੋਂ ਤੁੜਾਈਏ ਜੀ।
ਖਾਣ ਹਰਾਮ ਤੇ ਤਾਂਘਣ ਗੈਰ ਰੰਨਾਂ, ਮਛਰੇ ਮਰਦਾਂ ਤੋ ਵਫਾ ਕੀ ਚਾਹੀਏ ਜੀ।
ਤਾਜਨ ਤੁਰੀ ‘ਤੇ ਤਰਸ ਨੂੰ ਚਾੜ੍ਹ ਬੇਲੀ, ਬਿਖੜੇ ਰਾਹਾਂ ਵੱਲ ਨਾ ਦਬਕਾਈਏ ਜੀ।
ਸੋਗੀ ਸਾਦਕਾਂ ਦੇ ਸਦਾ ਸੰਗ ਖੜੀਏ, ਸਮਾਂ ਸ਼ਾਦੀ ਦਾ ਭਾਵੇਂ ਅਟਕਾਈਏ ਜੀ।
ਮੂੰਹ ਜੋੜ ਕੇ ਜਿਹੜੀ ਸਲਾਹ ਕੀਤੀ, ਹੇਕਾਂ ਜੋੜ ਨਾ ਉਹਨੂੰ ਪਰੇ ਉਡਾਈਏ ਜੀ।
ਝੋਲੀ ਕਰੀਏ ਜੇ ਤਕੜੇ ਦੀ ਗੱਲ ਅੱਗੇ, ਜੁਬਾਂ ਮਾੜੇ ਦੀ ਵੀ ਨਾ ਉਲਟਾਈਏ ਜੀ।
ਸਕੇ ਮਾਉ ਤੇ ਬਾਪ ਨਾਲ ਜੋ ਮੌਜਾਂ, ਉਹ ਸਕੇ ਭਾਈਆਂ ਤੋਂ ਮੂਲ ਨਾ ਚਾਹੀਏ ਜੀ।
ਹੱਥੀਂ ਫੜ੍ਹ ਬੰਦੂਕ ਬਖਤੌਰ ਵਾਲੀ, ਗੋਲੀਆਂ ਗਾਲਾਂ ਦੀਆਂ ਨਾ ਚਲਾਈਏ ਜੀ।
ਲਡਿੱਕੇ ਮਾਂ ਤੇ ਬਾਪ ਦੇ ਕੀ ਜਾਣਨ, ਰੋਟੀ ਕਿਹੜੇ ਢਡ ਦੇ ਨਾਲ ਕਮਾਈਏ ਜੀ।
ਜਿੰਨਾਂ ਦੇ ਭਾਗੀਂ ਨਾ ਭਾਗਭਰੀਆਂ ਨੇ, ਸਿਹਰੇ ਬੰਨ੍ਹ ਕਿਧਰ ਨੂੰ ਲੈ ਜਾਈਏ ਜੀ।
ਜਿਹਦੇ ਪੱਲੇ ਦਾਮ ਤੇ ਦਮ ਨਹੀਂ ਕਿੰਜ ਕੁਲੜੀਆਂ ਬਾਹਾਂ ਗਲ਼ ਪਵਾਈਏ ਜੀ।
ਸ਼ੀਰ-ਸ਼ੱਕਰ ਸ਼ੁਪਾ ਕੇ ਜੇ ਖਾ ਲਈਏ, ਸੱਪ ਸ਼ਰੀਕੜੇ ਦੇ ਕਿੰਝ ਲੜਾਈਏ ਜੀ।