ਤੀਜਾ ਨੇਤਰ !

ਨਹੀਂ ਸੱਜਣੋ, ਉਏ ਨਹੀਂ ਵੀਰੋ,

ਕਾਨੂੰਨ ਅੰਨ੍ਹਾ ਨਹੀਂ ਹੁੰਦਾ

ਕਾਨੂੰਨ ਦੇ ਬੰਨ੍ਹੀ ਅੱਖੀਂ ਪੱਟੀ ਚੋਂ, 

ਸਭ ਕੁਝ ਸਾਫ ਦਿਸਦੈ ! 

ਕਾਨੂੰਨ ਸਾਫ ਪਹਿਚਾਣ ਰਖਦੈ 

ਕਿਸ ਦੀ ਰਾਖੀ ਕਦੋਂ ਕਰਨੀ ਐਂ 

ਨਹੀਂ ਬਾਈ ਉਏ -

ਕਾਨੂੰਨ ਅੰਨ੍ਹਾ ਨਹੀਂ ਹੁੰਦਾ ! 

ਜਦੋਂ ਜਕਰਬਰਗ਼ ਦੇ ਜਹਾਜੋਂ ਉੱਤਰਦੇ ਦੀ,

ਕਾਨੂੰਨੀ ਹੱਥ ਨਲੀ ਪੂੰਝ ਰਹੇ ਸਨ, 

ਤੇ ਬਿਲ ਗੇਟਸ ਦੇ ਜਹਾਜ਼ ਮੂਹਰੇ 

ਸੁੱਚੇ ਕੀਤੇ ਕਾਨੂੰਨੀ ਹੱਥ

ਲਾਲ ਗਲੀਚੇ ਵਿਛਾ ਰਹੇ ਸਨ- 

ਓਸੇ ਵੇਲੇ ਝਾਰਖੰਡ ਵਿੱਚ 

ਮੋਟਰਸਾਈਕਲ ਤੇ ਖੁੱਲ੍ਹੀਆਂ ਹਵਾਵਾਂ ਮਾਣਦੀ 

ਦੁਨੀਆ ਘੁੰਮਣ ਆਈ ਸਪੈਨਿਸ ਕੁੜੀ ਨਾਲ 

ਸਮੂਹਿਕ ਬਲਾਤਕਾਰ ਹੋ ਰਿਹਾ ਸੀ ! 

ਨਹੀਂ ਵੀਰੋ -

ਕਾਨੂੰਨ ਬੋਲਾਂ ਵੀ ਨਹੀਂ ਹੁੰਦਾ 

ਪਰ, ਜਹਾਜ਼ ਚ ਆਏ ਖਾਸ ਬੰਦੇ ਦੇ 

ਨੱਕ ਸੁਣਕਣ ਦੀ ਆਵਾਜ਼ ਨਾਲੋਂ

ਖੁੱਲ੍ਹੀ ਫਿਜ਼ਾ ਨੂੰ ਮਾਪਣ ਦੀ ਇਛੁੱਕ 

ਸਧਾਰਨ ਸਪੈਨਿਸ਼ ਕੁੜੀ ਦੀ ਚੀਕ ਤਰੰਗ 

ਕਾਨੂੰਨੀ ਕੰਨਾਂ ਤੱਕ ਪਹੁੰਚਦੀ ਤਾਂ ਹੈ 

ਭਾਵੇਂ ਹੌਲੀ ਪਹੁੰਚਦੀ ਐ ! 

ਭਰਾਵੋ ਕਾਨੂੰਨ ਦੀ ਤੱਕੜੀ-

ਸਭ ਜਾਣਦੀ ਐ ਸਾਰੇ ਨਾਪ-ਤੋਲ 

ਤੇ ਜਾਣਦੀ ਐ ਮਾਪ-ਦੰਡ 

ਤੱਕੜੀ ਸਭ ਜਾਣਦੀ ਆ - 

ਕਿਸ ਨੂੰ ਸਿੱਕਿਆਂ ਨਾਲ ਤੋਲਨੈ, 

ਤੇ ਕਿਹੜੇ ਪਲੜੇ ਪੱਥਰ ਪੈਣੇ ਆਂ ! 

ਨਹੀਂ, ਕਾਨੂੰਨ ਅੰਨ੍ਹਾ-ਬੋਲਾ ਨਹੀਂ ਹੁੰਦਾ

ਕਾਨੂੰਨ ਨੂੰ ਸਭ ਸੁਣਦਾ ਐ 

ਸਭ ਦਿਸਦਾ ਹੈ !

ਸੱਚੀਂ ! ਮੈਨੂੰ ਤਾਂ ਕਾਨੂੰਨ ਦੇ 

ਤੀਜਾ ਨੇਤਰ ਵੀ ਲਗਦੈ ! 

📝 ਸੋਧ ਲਈ ਭੇਜੋ