ਪੱਖੀਆਂ 'ਤੇ ਉਕਰੇ, ਉਨਾਬੀ ਸਵਈਏ
ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ !
ਬੂਹੇ 'ਚ ਬਹਿ ਕੇ, ਪਾਈਆਂ ਮੈਂ ਘੁੱਗੀਆਂ
ਬਾਪੂ ਦੇ ਸਿਰ 'ਤੇ, ਰੀਝਾਂ ਨੇ ਪੁੱਗੀਆਂ
ਚੁੰਨੀਆਂ 'ਚੋਂ ਦਿਸਦਾ, ਚੀਰਾ ਅਵੱਲਾ
ਕਲਗੀ ਨੂੰ ਟੁਕਦਾ, ਫ਼ਿਰੋਜੀ 'ਜਾ ਛੱਲਾ
ਗਿੱਧਿਆਂ 'ਚ ਗਾਉਂਦੇ, ਫ਼ੱਕਰ ਗਵਈਏ
ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ!
ਇਸ਼ਕੇ ਦੀ ਬਰਛੀ, ਬਿਰਹਾ ਦਾ ਨੇਜਾ
ਫੁੱਲਾਂ ਦੀ ਕੰਡ ਨੂੰ, ਸੂਲਾਂ ਦੀ ਸੇਜਾ
ਜੂਝਣ ਦੀ ਜੁਰਅਤੀ, ਫੱਟੜਾਂ ਦੀ ਫੁਰਤੀ
ਤਵਿਆਂ ਦੀ ਹਿੱਕ 'ਚੋਂ, ਨਿੱਕਲੇ ਝੱਟ ਬੁਰਕੀ
ਰੁੱਕਿਆਂ ਨੂੰ ਪੜ੍ਹਦੇ , ਪੌਣ ਪੜ੍ਹਈਏ
ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ!
ਮੈਥੋਂ ਮਛਰੇ ਦੁਪੱਟੇ , ਨਾ ਜਾਣ ਸੰਭਾਲ਼ੇ
ਸੂਹੇ ਸੂਟਾਂ 'ਚ ਕਿਹੜਾ, ਪੀੜਾਂ ਨੂੰ ਪਾਲ਼ੇ ?
ਲੱਥਣ ਲਿਓੜਾਂ , ਕੱਚੀਆਂ ਨੇ ਕੰਧਾਂ
ਕੱਤਣ ਤੋਂ ਪਹਿਲਾਂ , ਟੁੱਟਣ ਹੁਣ ਤੰਦਾਂ
ਗਲ਼ੀਆਂ 'ਚ ਭੌਂਦੇ, ਅਵਾਰਾ ਭਵਈਏ
ਤੱਕਲੇ ਦੀ ਗਾਥਾ, ਆ ਤੀਰਾਂ ਨੂੰ ਕਹੀਏ!
ਜੁੱਤੀਆਂ ਦੇ ਘੂੰਗਰੂ ਤੇ ਪੱਖੀਆਂ ਦੇ ਮਣਕੇ
ਮੇਰੀ ਸੰਗ ਤੋਂ ਗਏ , ਮੇਰੇ ਬੇਲੀ 'ਜੇ ਬਣਕੇ
ਪਹਿਲੀ ਮਿਲਣੀ 'ਤੇ ਓਹਨੇ 'ਸੱਜਣ' ਕਿਹਾ
ਕਹਿ ਘੁੱਗੀਆਂ ਨੂੰ 'ਜੀ-ਜੀ' ਨੱਚਣਾ ਪਿਆ
ਸਭ ਛੱਡਣੇ ਪਏ ਮੈਂਨੂੰ ਪੁਰਾਣੇ ਰਵਈਏ
ਤੱਕਲੇ ਦੀ ਗਾਥਾ , ਆ ਤੀਰਾਂ ਨੂੰ ਕਹੀਏ!