ਮੇਰੇ ਗੁਰਾਂ ਨੇ ਨੀਂਦ ਸੁਭਾਗੀ ਮੰਗੀ ਸੀ

ਨੀਂਦ ਸੁਭਾਗੀ ਨਾਲ ਹੀ

ਸ਼ਹੂ ਦੇ ਦਰਸ਼ਨ ਹੁੰਦੇ

ਸੁਪਨੇ ਦੀ ਨਾ ਰੀਸ ਭਰਾਉ

ਸੁਪਨੇ ਨੂੰ ਸੁਲਤਾਨ ਕਹਿਣ ਵਾਲੇ ਵੀ ਆਖਣ 

ਸੌ ਵਰ੍ਹਿਆਂ ਦੇ ਵਿੱਛੜੇ

ਪਲ ਵਿੱਚ ਆਣ ਮਿਲਾਵੇ

ਅੱਖ ਖੁੱਲਣ ਤੇ

ਜਦ ਕਿਧਰੇ ਕੋਈ

ਮਿੱਤਰ ਪਿਆਰਾ ਨਜ਼ਰ ਨਾ ਆਵੇ

ਹੇ ਸੁਪਨੇ ਸੁਲਤਾਨ

ਮੈਂ ਤੇਰੇ ਦਰ ਆਣ ਖੜ੍ਹਾ ਹਾਂ

ਦੇਹ ਭਿਖਿਆ ਕਿ ਮੈਂ ਵੀ

ਸ਼ਹੁ ਦੇ ਦਰਸ਼ਨ ਪਾਵਾਂ

ਸੌ ਵਰ੍ਹਿਆਂ ਦੇ ਨਿੱਖੜੇ ਮਨ ਨੂੰ 

ਪਲ ਵਿੱਚ ਸ਼ਾਂਤ ਕਰਾਵਾਂ

ਹੇ ਸੁਪਨੇ ਸੁਲਤਾਨ !

ਦਰ ਤੇਰੇ ਤੇ ਮੈਂ ਆਇਆ

ਮੋਹ ਮਮਤਾ ਦੇ ਭਰਮ ਜਾਲ ਨੇ 

ਮਨ ਮੇਰਾ ਏਨਾ ਉਲਝਾਇਆ 

ਮੈਨੂੰ ਕੱਖ ਵੀ ਸਮਝ ਨਾ ਆਇਆ

ਅੱਧੀ ਸਦੀ ਹੰਢਾਈ ਕਾਇਆ

ਚਾਰ ਚੁਫ਼ੇਰੇ ਖਿੱਲਰੀ ਮਾਇਆ

ਘੁੰਮਣ ਘੇਰ 'ਚ ਘਿਰਿਆ ਮੈਂ ਹੁਣ

ਤੇਰੇ ਦਰ ਤੇ ਆਣ ਖੜਾ ਹਾਂ

📝 ਸੋਧ ਲਈ ਭੇਜੋ