ਤੇਰੇ ਹਿਜਰਾਂ ਦਾ ਦਰਦ ਪੁਰਾਣਾ

ਤੇਰੇ ਹਿਜਰਾਂ ਦਾ ਦਰਦ ਪੁਰਾਣਾ 

ਹੰਝੂਆਂ ਦੇ ਭਾਅ ਵਿਕਿਐ

ਹਵਾ ਵਾਂਗਰਾਂ ਕੋਲੋਂ ਦੀ ਲੰਘ ਜਾਣਾ 

ਹੰਝੂਆਂ ਦੇ ਭਾਅ ਵਿਕਿਐ

ਤੇਰੇ ਜਿਹਾ ਜਦ ਵੀ ਦਿਨ ਚੜ੍ਹਿਆ 

ਸੂਰਜ ਆਪਣੀ ਧੁੱਪ ਤੋਂ ਡਰਿਆ 

ਇਹਨਾਂ ਕਿਰਨਾਂ ਨਾਂ ਸਾਥ ਨਿਭਾਣਾ

ਹਵਾ ਤੇਰੀ ਜਦੋਂ ਗੱਲ ਹੈ ਕਰਦੀ 

ਧੁੱਪ ਚੇਤਰ ਦੀ ਹੌਕੇ ਭਰਦੀ

ਮਹਿਕ ਵਾਂਗਰਾਂ ਫੁੱਲਾਂ ਨੇ ਮੁੱਕ ਜਾਣਾ

ਸੰਝ ਦਾ ਸੂਰਜ ਲਏ ਉਬਾਸੀ

ਹੋਰ ਵੀ ਗੂੜੀ ਹੋਏ ਉਦਾਸੀ

ਰਾਤ ਸਿਰ ਤੇ ਕੋਈ ਨਾਂ ਟਿਕਾਣਾ

ਚੰਨ ਰਾਤ ਦਾ ਈਕਣ ਚੜਿਆ 

ਸਿਲੇ 'ਚ ਜੀਕਣ ਬੱਚਾ ਮਰਿਆ 

ਮਾਂ ਤੱਤੜੀ ਨੂੰ ਮੂੰਹ ਨਹੀਂ ਵਿਖਾਣਾ

ਰੂਹਾਂ ਦਾ ਪਰਛਾਵਾਂ ਲੱਭੀਏ 

ਅੰਬਰ ਦਾ ਸਿਰਨਾਵਾਂ ਲੱਭੀਏ

ਅਸੀਂ ਤਾਰਿਆਂ 'ਚ ਰਲ ਮਿਲ ਜਾਣਾ

ਹੁਣ ਤਾਂ ਈਕਣ ਦਿਨ ਲੰਘਾਈਏ 

ਆਪਣੇ ਸਿਵੇ ਦਾ ਸੇਕ ਹੰਢਾਈਏ 

ਜਿਵੇਂ ਯਾਰ ਦੀ ਮੁਕਾਣੇ ਪਵੇ ਜਾਣਾ

ਸੰਸਕਾਰਾਂ ਦੀ ਧੁੱਪ ਤਿਖੇਰੀ 

ਸਾਂਝਾਂ ਦੀ ਛਾਂ ਮਿਲਦੀ ਜੇਹੜੀ 

ਵਾਂਗ ਬਦਲੀ ਸਿਰਾਂ ਤੋਂ ਲੰਘ ਜਾਣਾ

ਹੰਝੂਆਂ ਦੇ ਭਾਅ ਵਿਕਿਐ 

ਤੇਰੇ ਹਿਜਰਾਂ ਦਾ ਦਰਦ ਪੁਰਾਣਾ

📝 ਸੋਧ ਲਈ ਭੇਜੋ