ਤੇਰੇ ਨਾਂ ਦਾ ਚੰਨ ਚੜ੍ਹਾਵਾਂ

ਤੇਰੇ ਨਾਂ ਦਾ ਚੰਨ ਚੜ੍ਹਾਵਾਂ ਸੋਚਨੀ ਆਂ।

ਫ਼ਿਰ ਓਸ ਚੰਨ ਨੂੰ ਅੱਖ ਸੋਚਨੀ ਆਂ।

ਬਾਲਪੰਣੇ ਦੀਆਂ ਸੱਧਰਾਂ ਕੁੱਛੜ ਚਾ ਕੇ ਤੇ,

ਰੁੱਸਿਆ ਵੇਲ਼ਾ ਮੋੜ ਲਿਆਵਾਂ ਸੋਚਨੀ ਆਂ।

ਮਾਹੀਏ, ਟੱਪੇ, ਕਿੱਕਲੀ, ਗੀਤ ਮੁਹੱਬਤ ਦੇ,

ਸਖੀਆਂ ਨਾਲ਼ ਮੈਂ ਝੂਮਰ ਪਾਵਾਂ ਸੋਚਨੀ ਆਂ।

ਸੋਚਦੀ ਪਈ ਆਂ ਕਿੱਥੇ ਬੋੜ੍ਹ ਗਵਾਚੇ ਨੇਂ?

ਲੱਭ ਜਾਵਣ ਤੇ ਪੀਂਘਾਂ ਪਾਵਾਂ ਸੋਚਨੀ ਆਂ।

ਹਿੱਜਰਾਂ ਦੀ ਧੁੱਪ ਅੰਦਰ ਸੜਦੀ, ਤੱਤੜੀ ਮੈਂ,

ਵਸਲ ਤੇਰੇ ਦੀਆਂ ਠੰਢੀਆਂ ਛਾਵਾਂ ਸੋਚਨੀ ਆਂ।

ਵਾਂਗ ਕਪਾਹਵਾਂ ਖਿੜ ਪਏ ਮੇਰੇ ਅੰਦਰ ਦੁੱਖ,

ਇਨ੍ਹਾਂ ਨਾਲ਼ ਮੈਂ ਕਿਵੇਂ ਨਿਭਾਵਾਂ ਸੋਚਨੀ ਆਂ।

ਜੇ ਲੱਭ ਜਾਣ ਗਵਾਚੇ ਸੁਫ਼ਨੇ ਰਾਹਵਾਂ ਚੋਂ,

ਉਨ੍ਹਾਂ ਦੀ ਤਆਬੀਰ ਬਣਾਵਾਂ ਸੋਚਣੀ ਆਂ।

ਸੁਗ਼ਰਾ ਮਿਸਰੇ ਬਣ ਦੇ ਜਾਂਦੇ ਗ਼ਜ਼ਲਾਂ ਦੇ,

ਦੁੱਖੜੇ, ਯਾਦਾਂ, ਹੰਝੂ, ਹਾਵਾਂ ਸੋਚਨੀ ਆਂ।

📝 ਸੋਧ ਲਈ ਭੇਜੋ