ਤੇਰੇ ਪਿਆਰ ਦੀ ਕੋਰੀ ਕੈਨਵਸ

ਤੇਰੇ ਪਿਆਰ ਦੀ ਕੋਰੀ ਕੈਨਵਸ ਤੇ,

ਕੋਈ ਜੱਗੋਂ ਵੱਖਰਾ ਰੰਗ ਭਰਾਂ !

ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ,

ਮੈਂ ਬਹਿਰਾਂ ਦੇ ਵਿੱਚ ਬੰਦ (ਕੈਦ) ਕਰਾਂ !

ਜਿਉਂ ਗੂੰਜੇ ਰਾਗ ਹਵਾਵਾਂ ਚੋੰ। 

ਕੋਈ ਛੋਹਿਆ ਸਾਜ਼ ਫਿਜ਼ਾਵਾਂ ਚੋੰ। 

ਸਰਗਮ ਸੁਣਦੀ ਹੈ ਸਾਹਾਂ ਚੋੰ,

ਮੇਰੀ ਮੰਜ਼ਿਲ ਹੋ ਗਈ ਤੇਰਾ ਗਿਰਾਂ। 

ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------

ਮਨ ਛਿੜਨ ਤਰੰਗਾਂ ਰਾਤਾਂ ਨੂੰ। 

ਕੋਇਲ ਨੂੰ ਸੁਣ ਬਰਸਾਤਾਂ ਨੂੰ। 

ਕਿਵੇਂ ਲਿਖਾਂ ਸ਼ੋਖ ਜਜ਼ਬਾਤਾਂ ਨੂੰ,

ਬੋਲਣ ਨਾ ਲੱਗ ਪਏ ਕਲਮ ਡਰਾਂ ....

ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------

ਤੇਰੀ ਦੀਦ ਨੂੰ ਜੰਗਲ਼ ਫੋਲਾਂ ਨੀ, 

ਤੈਨੂੰ ਹਰ ਟਾਹਣੀ ਚੋਂ ਟੋਹਲਾਂ ਨੀ, 

ਮੈਨੂੰ ਪੱਤੇ ਕਰਨ ਕਲੋਲਾਂ ਨੀ, 

ਮੈਂ ਜਿੱਤ ਕੇ ਬਾਜ਼ੀ ਰੋਜ਼ ਹਰਾਂ 

ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------

ਮਨ ਡਰਦਾ ਨਾ ਤੂੰ ਖੋ ਜਾਵੇਂ। 

ਕਿਤੇ ਅੱਖੋਂ  ਉਹਲੇ ਹੋ ਜਾਵੇਂ। 

ਕਿਤੇ ਸੰਦਲੀ ਬੂਹਾ ਢੋਅ ਜਾਵੇਂ, 

ਬਿਨ ਤੇਰੇ ਸਾਗਰ ਕਿਵੇਂ ਤਰਾਂ। 

ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------

ਸ਼ਿਕਵਾ ਨਹੀਂ ਚਾਰ ਲਕੀਰਾਂ ਦਾ। 

“ਸੁੱਖ” ਖੇਡ ਨਾ ਇਹ ਤਕਦੀਰਾਂ ਦਾ। 

ਕਰ ਸੌਦਾ ਪਾਕ ਜ਼ਮੀਰਾਂ ਦਾ। 

ਤੇਰੇ ਦਰ ਤੇ ਆਣ ਮੈਂ ਸੀਸ ਧਰਾਂ ....

ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ---

📝 ਸੋਧ ਲਈ ਭੇਜੋ