ਮੈਨੂੰ ਪਤਾ ਸੀ
ਤੂੰ ਵੀ ਏਥੋਂ ਤੁਰ ਜਾਣਾ ਏਂ
ਮੇਲੇ ਵਿੱਚ ਗੁਆਚੇ ਬੇਬਸ ਬਾਲਕ ਵਾਂਗੂੰ
ਮੈਂ ਤੇ ਕੱਲਮ 'ਕੱਲਾ ਏਥੇ ਰਹਿ ਜਾਣਾ ਏਂ
ਜਿਵੇਂ ਨਦੀ ਦਾ ਵਗਦਾ ਪਾਣੀ
ਕਿਸੇ ਕੋਲੋਂ ਨਹੀਂ ਰੁਕਦਾ ਹੁੰਦਾ
ਬੇ-ਮੁਹਾਰ ਹਵਾਵਾਂ ਵਾਂਗੂੰ
ਬਿਨ ਚੱਪੂਆਂ ਤੋਂ ਬੇੜੀ ਵਾਂਗੂੰ
ਤੂੰ ਵੀ ਇਥੋਂ ਤੁਰ ਜਾਣਾ ਏਂ
ਤੇ ਮੈਂ ਕੱਲਮ 'ਕੱਲਾ ਏਥੇ ਰਹਿ ਜਾਣਾ ਏਂ
ਚੜ੍ਹਦੀ ਉਮਰੇ ਰੱਬ ਸਬੱਬੀ
ਕੁਝ ਕਦਮਾਂ ਦਾ ਸਾਥ ਸੀ ਮਿਲਿਆ
ਹੁਣ ਤੱਕ ਉਹਦੀ ਮਹਿਕ ਜਿਉਂਦੀ
ਤੇਰੀ ਮਿੱਠੀ ਯਾਦ ਦੀ ਖੁਸ਼ਬੋ
ਕੌਣ ਮੁੱਠੀ ਵਿੱਚ ਘੁੱਟ ਸਕਦਾ ਹੈ?
ਜਿਹੜੀ ਖੁਸ਼ਬੂ ਸਾਥ ਤੇਰੇ ਦੀ
ਬਣੀ ਕਮਾਈ ਮੇਰੀ ਨੂੰ ਦੱਸ ?
ਕੌਣ ਲੁਟੇਰਾ ਲੁੱਟ ਸਕਦਾ ਏ
ਏਸੇ ਹੀ ਅਹਿਸਾਸ 'ਚ ਮੈਂ ਵੀ,
ਜਗਾਂ ਟਟਹਿਣੇ ਵਾਂਗੂੰ ਤੱਕ ਲੈ
ਹੋਂਦ ਮੇਰੀ ਕੋਈ ਚੰਨ ਦਾ ਟੋਟਾ
ਤੇਰੇ ਤੋਂ ਰੁਸ਼ਨਾਈ ਲੈ ਕੇ
ਰਾਤਾਂ ਨੂੰ ਵੀ ਲਿਸ਼ਕ ਰਿਹਾ ਹਾਂ