ਤੇਰੀ ਜੇ ਨਿਗਾਹ ਹੋਵੇ
ਮੈਂ ਮੈਂ ਤੋਂ ਜੁਦਾ ਹੋਵੇ
ਤੇਰੀ ਜੇ ਰਜ਼ਾ ਹੋਵੇ
ਖ਼ੁਦ ਖ਼ੁਦੀ ਤੋਂ ਖ਼ੁਦਾ ਹੋਵੇ
ਇਹ ਹੁਸਨ ਸਰਿਸ਼ਟੀ ਦਾ
ਕੁਦਰਤ ਦੀ ਦਰਿਸ਼ਟੀ ਦਾ
ਤੇਰੀ ਰਹਿਮਤ ਕਲਮ ਬਣੇ
ਸਾਗਰ ਦੀ ਸਿਆਹੀ ਹੋਵੇ
ਸੂਰਜ ਦਾ ਸਫਾ ਹੋਵੇ
ਤੇਰੀ ਜੇ ਨਿਗਾਹ ਹੋਵੇ
ਤੇਰੀ ਜਦ ਨਦਰਿ ਹੋਏ
ਕੱਖਾਂ ਦੀ ਕਦਰ ਹੋਏ
ਹਰਫਾਂ ਦਾ ਹੰਸ ਮਿਲੇ
ਸ਼ਬਦਾਂ ਦੇ ਸਰਵਰ ਤੇ
ਅਰਥਾਂ ਤੇ ਫ਼ਿਦਾ ਹੋਵੇ
ਤੇਰੀ ਜੇ ਨਿਗਾਹ ਹੋਵੇ
ਧਰਤੀ ਨੂੰ ਧਿਆਨ ਮਿਲੇ
ਗਗਨਾਂ ਨੂੰ ਗਿਆਨ ਮਿਲੇ
ਦਰ ਦਸਤਕ ਦੇਵਣ ਲਈ
ਚੰਨ ਤਾਰੇ ਹਵਾ ਹੋਵਣ
ਤੇਰੀ ਐਸੀ ਅਦਾ ਹੋਵੇ
ਤੇਰੀ ਜੇ ਨਿਗਾਹ ਹੋਵੇ
ਰੁੱਤਾਂ ਦੇ ਦਰਦ ਬੜੇ
ਧੁੱਪਾਂ ਸਿਰ ਕਰਜ਼ ਬੜੇ
ਕੁਲ ਕਸ਼ਟ ਨਿਵਾਰਨ ਲਈ
ਕਾਇਆ ਕਿਰਪਾਨ ਹੋਏ
ਮਰਨੇ 'ਚ ਮਜ਼ਾ ਹੋਵੇ
ਤੇਰੀ ਜੇ ਨਿਗਾਹ ਹੋਵੇ
ਜਦ ਗੀਤ ਜੁਦਾ ਹੋਵੇ
ਬਾਬਲ ਦੀ ਪੱਗ ਰੋਵੇ
ਘਰ ਸੱਖਣਾ ਹੋ ਜਾਵੇ
ਮਨ ਮਸਤਕ ਮਾਂ ਕੋਲੋਂ
ਧੀ ਵਾਂਗ ਵਿਦਾ ਹੋਵੇ
ਤੇਰੀ ਜੇ ਨਿਗਾਹ ਹੋਵੇ
ਮੈਨੂੰ ਭਾਵੇਂ ਰਾਤ ਮਿਲੇ
ਜੱਗ ਨੂੰ ਪ੍ਰਭਾਤ ਮਿਲੇ
ਨੀਹਾਂ ਵਿੱਚ ਚਿਣ ਜਾਵਾਂ
ਮੈਨੂੰ ਚਮਕੌਰ ਮਿਲੇ
ਜੂਝਣ ਦੀ ਫਿਜ਼ਾ ਹੋਵੇ
ਤੇਰੀ ਜੇ ਨਿਗਾਹ ਹੋਵੇ
ਕੋਈ ਐਸੀ ਕਾਇਨਾਤ ਮਿਲੇ
ਮਜ਼ਹਬਾਂ ਤੋਂ ਨਿਜਾਤ ਮਿਲੇ
ਸ਼ਾਇਰੀ ਸੁਕਰਾਤ ਬਣੇ
ਸ਼ੁਭ ਕਰਮਨ ਕਰਨੇ ਲਈ
ਗੀਤਾਂ ਨੂੰ ਸਜ਼ਾ ਹੋਵੇ
ਤੇਰੀ ਜੇ ਨਿਗਾਹ ਹੋਵੇ ।