ਤੇਈ ਮਾਰਚ ਦੇ ਸ਼ਹੀਦਾਂ ਦੇ ਨਾਂ

ਦੇਸ਼ ਲਈ 

ਮਰ ਮਿਟਣ ਵਾਲਿਓ

ਮੈਂ,

ਉਸੇ ਰੁਖ ਦੀ ਛਾਵੇਂ ਪਲਿਆ 

ਇਕ ਅਦਨਾ ਜਿਹਾ-ਬੰਦਾ 

ਤੁਹਾਨੂੰ ਮੁਖ਼ਾਤਿਬ ਹਾਂ 

ਜਿਸ ਨੂੰ ਤੁਸੀਂ 

ਆਪਣੇ ਹੱਥੀਂ ਲਾਇਆ ਹੀ ਨਹੀਂ 

ਸਗੋਂ ਆਪਣੇ ਖ਼ੂਨ ਨਾਲ ਸਿੰਜਿਆ ਵੀ ਸੀ 

ਮੇਰੇ, 

ਬਹੁਤ ਪਿਆਰੇ, ਸਤਿਕਾਰਤ ਸਾਥਿਓ

ਤੁਹਾਡਾ ਲਾਇਆ ਹੋਇਆ ਉਹੀ ਰੁੱਖ 

ਹੁਣ, ਪੂਰੀ ਤਰ੍ਹਾਂ 

ਵਧ ਫੁੱਲ ਚੁੱਕਾ ਹੈ 

ਪਰ

ਪਤਾ ਨਹੀਂ ਕਿਉਂ 

ਪਿਛਲੇ ਕੁਝ ਅਰਸੇ ਤੋਂ 

ਜਿਵੇਂ-ਜਿਵੇਂ ਰੁੱਖ ਨੇ 

ਆਪਣੀ ਸੰਘਣੀ ਛਾਂ ਦਾ ਘੇਰਾ 

ਵਿਸ਼ਾਲ ਕਰਨ ਦਾ ਜਤਨ ਕੀਤਾ ਹੈ 

ਛਾਂ ਮਾਨਣ ਵਾਲਿਆਂ ਦੀਆਂ ਸੋਚਾਂ

ਨਿੱਕੇ-ਨਿੱਕੇ ਘੇਰਿਆਂ ਤੱਕ 

ਮਹਿਦੂਦ ਹੁੰਦੀਆਂ ਗਈਆਂ ਨੇ 

ਹੁਣ ਸੱਚ ਪੁੱਛੋ ਤਾਂ 

ਮੈਂ ਵੀ ਕਈ ਵੇਰ 

ਨੀਂਦ ਚੋਂ ਤ੍ਰੱਬਕ-ਤ੍ਰੱਬਕ ਉਠਦਾ ਹਾਂ 

ਇਉਂ ਲਗਦੈ 

ਜਿਵੇਂ ਰੁੱਖ 

ਆਪਣੀ ਹੀ ਛਾਂ ਨੂੰ 

ਡੰਗ ਰਿਹਾ ਹੋਵੇ 

ਭੋਰਾ-ਭੋਰਾ ਟੁੱਕ ਰਿਹਾ ਹੋਵੇ । 

ਆਹਲਣਿਆਂ 'ਚ ਬੈਠੇ ਬੋਟ

ਗਾ-ਚੁਗਣ ਗਏ 

ਆਪਣੇ ਮਾਪਿਆਂ ਦੇ 

ਸਹੀ-ਸਲਾਮ ਪਰਤਣ ਲਈ 

ਲੰਮੀਆਂ-ਲੰਮੀਆਂ ਦੁਆਵਾਂ ਕਰਦੇ ਨੇ 

ਸੁੱਖਣਾ ਸੁੱਖਦੇ ਨੇ 

ਅਸੁਰਖਿਅਤਾ 

ਛਾਂ ਦੇ ਸੰਘਣੇ ਘੇਰੇ ਤੋਂ 

ਕਿਤੇ ਵਧੀਕ 

ਫੈਲ ਚੁੱਕੀ ਹੈ

ਅਣਸੁਖਾਵੀਆਂ ਘਟਨਾਵਾਂ 

ਆਏ ਦਿਨ ਹੀ 

ਪੱਤਝੜ ਦੇ ਪੱਤਿਆਂ ਵਾਂਗ 

ਸਾਡੇ ਕੰਨਾਂ 'ਚ ਪਿਘਲੇ 

ਹੋਏ ਸਿੱਕੇ ਵਾਂਗ

ਡਿੱਗਦੀਆਂ ਨੇ 

ਕੋਈ ਟੱਸ ਤੋਂ ਮੱਸ ਨਹੀਂ ਹੁੰਦਾ । 

ਕੋਈ ਸੀਅ ਤੱਕ ਨਹੀਂ ਕਰਦਾ 

ਘਟਨਾ ਰੋਜ਼ ਖ਼ਬਰ ਬਣਦੀ ਹੈ

ਸ਼ੁਰਲੀ ਵਾਂਗ ਚਲਦੀ ਹੈ 

ਤੇ ਫਿਰ ਠੁਸ ਹੋ ਰਹਿ ਜਾਂਦੀ ਹੈ 

ਬਸ। 

ਜੀਵਨ, 

ਫੇਰ ਵੀ, 

ਆਪਣੀ ਤੋਰੇ ਤੁਰ ਰਿਹੈ 

ਪਹਿਲਾਂ ਵਾਂਗ, ਆਮ ਵਾਂਗ 

ਹੁਣ, 

ਕੁਝ ਵੀ ਓਪਰਾ ਨਹੀਂ ਲੱਗਦਾ 

ਘਟਨਾਵਾਂ 

ਸਿਰਫ਼ ਨਾਂ ਤੇ ਥਾਂ ਹੀ ਬਦਲਦੀਆਂ ਨੇ 

ਨੌਬਤ ਇਥੋਂ ਤੀਕ ਅੱਪੜ ਚੁੱਕੀ ਹੈ

ਕਿ ਅਸੀਂ 

ਆਪਣੀ ਸੁੱਧ-ਬੁੱਧ ਹੀ 

ਗੁਆ ਬੈਠੇ ਲਗਦੇ ਹਾਂ 

ਗੱਲ ਕੀ 

ਪੂਰੀ ਤਰ੍ਹਾਂ ਹੱਥਲ ਹੋਏ ਬੈਠੇ ਹਾਂ 

ਅਸੀਂ 

ਜਿਸ ਰੱਥ ਤੇ ਸੁਆਰ ਹਾਂ 

ਉਸ ਦੇ ਪਹੀਈਆਂ 'ਚ ਝੋਲ ਹੈ

ਸਾਰਥੀ ਅਡੋਲ ਹੈ

ਸਾਰਥੀ 

ਸਾਡੀ ਬੇਵੱਸੀ ਦੀ 

ਸਾਡੀ ਮਸੂਮੀਅਤ ਦੀ 

ਖਿੱਲੀ ਉਡਾਉਂਦਾ ਹੋਇਆ ਆਖਦਾ ਹੈ, 

ਕਿ ''ਅਸੀਂ, 

ਬਿਲਕੁਲ ਝੱਲੇ ਹਾਂ 

ਐਵੇਂ ਹੀ ਡਰੇ ਫਿਰਦੇ ਹਾਂ'' 

ਉਹ, ਰੱਥ ਨੂੰ ਖਿੱਚ ਰਹੇ 

ਘੋੜਿਆਂ ਤੇ ਚਾਬੁਕ ਮਾਰਦਾ ਹੈ। 

ਤੇ ਖਿੜ-ਖਿੜ ਹੱਸਦਾ ਹੈ

ਅਸੀਂ ਉਸ ਦੇ 

ਕਥਿੱਤ ਸਹਾਰਿਆਂ ਦੇ ਸਾਏ 'ਚ 

ਆਪਣੇ ਆਪ ਨੂੰ ਮਹਿਫੂਜ਼ ਸਮਝੀ ਬੈਠੇ ਹਾਂ 

ਤੁਸੀਂ ਮੇਰੀ ਕਥਾ ਤੇ ਸੁਣ ਰਹੇ ਹੋ ਨਾ 

ਮੇਰੇ 

ਸਭ ਤੋਂ ਵਧੀਕ 

ਪਿਆਰਨ ਯੋਗ ਦੋਸਤੋ 

ਤੁਸੀਂ ਜਿਹੜੀ ਦੌੜੇ ਸਓ 

ਉਹ ਸਾਨੂੰ ਪੂਰੀ ਤਰਾਂ ਯਾਦ ਹੈ 

ਅਸੀਂ ਵੀ 

ਉਹ ਦੌੜ ਦੌੜਨੀ ਚਾਹੁੰਦੇ ਹਾਂ 

ਜਿੱਤਣ ਜਾਂ ਹਾਰਨ ਲਈ ਨਹੀਂ 

ਨਾ ਮਹਿਜ਼ ਦੌੜਨ ਵਾਸਤੇ 

ਨਾ ਸਿਰਫ ਇਸ ਕਰਕੇ

ਕਿ ਅਸੀਂ ਦੌੜ ਸਕਦੇ ਹਾਂ 

ਸਗੋਂ ਇਸ ਲਈ

ਕਿ ਉਸ ਇਤਿਹਾਸਕ ਦੌੜ ਨੂੰ 

ਮੁੜ ਜੀਉ ਕੇ ਵੇਖਿਆ ਜਾਵੇ 

ਮਾਣਿਆ ਜਾਵੇ 

ਤੇ ਉਨ੍ਹਾ ਦੌੜਾਕਾਂ ਦੇ 

ਵਾਰਿਸ ਬਣਿਆ ਜਾਵੇ 

ਜਿਹੜਾ, ਬਹੁਤ ਮੁਸ਼ਕਿਲ ਹੈ

ਇਸ ਕਰਕੇ ਨਹੀਂ 

ਕਿ ਅਸੀਂ ਦੌੜਨਾ ਨਹੀਂ ਚਾਹੁੰਦੇ 

ਜਾਂ ਅਸੀਂ ਦੌੜ ਨਹੀਂ ਸਕਦੇ 

ਸਗੋਂ ਇਸ ਕਰਕੇ 

ਕਿ ਹੁਣ ਤੇ 

ਸਾਰਾ ਕੁਝ ਬਦਲ ਚੁੱਕਾ ਹੈ

ਅਸੀਂ ਤੇ

ਬੁੱਥਿਆਂ 'ਤੇ ਨੰਗੇ ਪੈਰੀਂ 

ਦੌੜਨ ਲਈ ਤਿਆਰ ਹਾਂ 

ਪਰ ਪੁੱਠੇ ਪੈਰੀ ਨਹੀਂ 

ਤੁਹਾਨੂੰ ਇਹ ਜਾਣਕੇ 

ਹੈਰਾਨੀ ਵੀ ਹੋਊ ਤੇ ਦੁੱਖ ਵੀ 

ਕਿ ਹੁਣ ਤੇ ਜਿਵੇਂ 

ਆਵਾ ਹੀ ਊਤ ਚੁੱਕਾ ਹੈ

ਇਸ ਪੁੱਠੇ ਪੈਰਾਂ ਦੀ ਦੌੜ ਦਾ ਕੀ ਬਣੇਗਾ 

ਸਮੇਂ ਨੂੰ ਪੁੱਠਾ ਗੇੜ ਦੇਣ ਵਾਲਿਆਂ ਦੀ 

ਕੋਈ ਪੇਸ਼ ਜਾਵੇ ਜਾਂ ਨਾ, 

ਪਰ ! ਉਹ ਪੂਰਾ ਟਿੱਲ 

ਲਾਉਣ ਤੇ ਤੁਲੇ ਹੋਏ ਨੇ

ਅਸੀਂ ਜਾਣਦੇ ਹਾਂ 

ਇਹ ਉਹਨਾਂ ਦਾ ਮਹਿਜ਼ ਇਕ ਭਰਮ ਹੈ 

ਫੇਰ ਵੀ 

ਇਸ ਸਭ ਕਾਸੇ ਲਈ ਸ਼ਰਮਸਾਰ ਹਾਂ 

ਕਿਉਂ ਜੋ ਇਹ 

ਉਸ ਸਮੇਂ ਦਾ ਸੱਚ ਹੈ 

ਜਿਸ ਚੋਂ ਅਸੀਂ 

ਰੀਂਗਦੇ ਹੋਏ ਗੁਜ਼ਰ ਰਹੇ ਹਾਂ । 

ਇਸ ਤੋਂ ਪਹਿਲਾਂ 

ਕਿ ਹੋ ਜਾਵੇ ਯਖ਼ ਠੰਢਾ 

ਸਾਡੇ ਜੁੱਸਿਆਂ 'ਚ 

ਗਰਦਸ਼ ਕਰ ਰਿਹਾ ਖ਼ੂਨ 

ਜਿਸ ਦਾ ਗਰੁੱਪ 

ਤੁਹਾਡੇ ਬੇਸ਼ਕੀਮਤ ਖ਼ੂਨ ਨਾਲ ਮਿਲਦਾ ਹੈ

ਅਸੀਂ, 

ਉਸ ਦੀ ਲਾਜ ਰੱਖਾਂਗੇ

ਸਾਥੋਂ ਜਿਵੇਂ ਵੀ ਸਰਿਆ 

ਅਸੀਂ ਅਖ਼ਰੀ ਸਾਹ ਤੀਕ ਡਟਾਂਗੇ 

ਤੇ ਦਿਆਂਗੇ ਪਹਿਰਾ 

ਉਸ ਅਹਿਦ ’ਤੇ 

ਉਸ ਹਲਫ਼ 'ਤੇ 

ਜਿਹੜਾ ਤੁਸਾਂ

ਫ਼ਾਂਸੀ ਦੇ ਰੱਸੇ ਚੁੰਮਣ ਵੇਲੇ ਕੀਤਾ ਸੀ 

📝 ਸੋਧ ਲਈ ਭੇਜੋ