ਠੱਠਾ ਠੀਕਰੇ ਵਾਂਗਰਾਂ ਟੁੱਟ ਜਾਣਾ, ਝੂੱਠਾ ਮਾਨ ਸਰੀਰ ਦਾ ਕਰੀਦਾ ਜੀ।
ਖੇਡ ਦਮਾਂ ਦੀ ਆਵੇ ਜਾਂ ਨਹੀਂ ਆਵੇ, ਪਤਾ ਇਸਦਾ ਬਿੰਦ ਨਾ ਘੜੀ ਦਾ ਜੀ।
ਅੱਗੇ ਵਾਸਤੇ ਖ਼ਰਚ ਵੀ ਬੰਨ੍ਹ ਪੱਲੇ, ਐਥੇ ਖਾ ਲਿਆ ਪਿਛਲੀ ਕਰੀਦਾ ਜੀ।
ਪੈਸਾ ਧਰਮ ਨਮਿਤ ਨਾ ਲਾਇ ਹੁੰਦਾ, ਡੰਨ ਲੱਖ ਹਜ਼ਾਰ ਦਾ ਭਰੀ ਦਾ ਜੀ।
ਬਿਨਾ ਨਾਮ ਤੋਂ ਬੰਦਿਆ ਅੰਤ ਵੇਲੇ , ਰੋਇ-ਰੋਇ ਪਛਤਾਵੜਾ ਕਰੀਦਾ ਜੀ।
ਪੂਜੋ ਰਾਮ ਜੋ ਅੰਤ ਨੂੰ ਮੁਕਤ ਹੋਵੇ, ਝੂਠਾ ਪੂਜਣਾ ਕਬਰ ਤੇ ਮੜ੍ਹੀ ਦਾ ਜੀ।
ਜੀਊਂਦੇ ਮਾਂ ਤੇ ਬਾਪ ਨੂੰ ਦੇਣ ਧੱਕੇ, ਮਰੇ ਬਾਦ ਸਰਾਧ ਹੈ ਕਰੀਦਾ ਜੀ।
ਭੇਡ-ਚਾਲ ਦੇ ਮਗਰ ਸੰਸਾਰ ਜਾਂਦਾ, ਇੱਕ ਦੂਏ ਦਾ ਮਗਰ ਫੜੀਦਾ ਜੀ।
ਅੱਗੇ ਜਾਤ-ਸਫ਼ਾਤ ਨਾ ਪੁੱਛਣੀ ਜੇ, ਨੇਕ ਅਮਲਾਂ ਨਾਲ ਹੈ ਤਰੀਦਾ ਜੀ।
ਝੂੱਠੀ ਚੀਜ਼ ਨੂੰ ਮਿਲੂ ਸਜ਼ਾਇ ਬੰਦੇ, ਉੱਥੇ ਮੁੱਲ ਪੈਣਾ ਵਸਤ ਖਰੀ ਦਾ ਜੀ।
ਉਲਫ਼ਤ ਦਿਲ ਦੀ ਨਾਲ ਜੋ ਪੜ੍ਹੇ ਹਰਦਮ, ਇਕੋ ਅਲਫ਼ ਦੇ ਹਰਫ਼ ਥੀਂ ਤਰੀ ਦਾ ਜੀ।
ਲੱਖ ਏਸ ਨੂੰ ਪੜ੍ਹਕੇ ਫ਼ੇਹਲ ਹੋਏ, ਜਿਹੜਾ ਇਲਮ ਸ਼ਤਾਨ ਦਾ ਪੜ੍ਹੀ ਦਾ ਜੀ।
ਕੀਤੇ ਬਿਨਾਂ ਨ ਵੇਲੇ ਵੱਧ ਕਰਮ ਹੋਵੇ, ਜੂਆ ਖੇਡਿਆਂ ਬਾਝ ਨ ਹਰੀ ਦਾ ਜੀ।
ਬਦੀਆਂ ਵਿੱਚ ਬਖ਼ੀਲਿਆਂ ਦਿਨ ਜਾਵੇ, ਗਧੇ ਵਾਂਗਰਾਂ ਰਾਤ ਨੂੰ ਖੜ੍ਹੀਦਾ ਜੀ।
ਬੰਦੇ ਧ੍ਰਿਗ ਹੈ ਓਸ ਪਰਮਾਤਮਾ ਦਾ, ਕਿਸੇ ਵਖਤ ਵੀ ਜਾਪ ਨਾ ਕਰੀਦਾ ਜੀ।
ਦੇਵਾ ਸਿੰਘ ਤੂੰ ਸੋਚ ਕਲਬੂਤ ਜਿਹੜਾ, ਕਿਹੜੀ ਵਜ੍ਹਾ ਥੀਂ ਪੇਟ ਵਿੱਚ ਘੜੀ ਦਾ ਜੀ।