ਥੱਥਾ ਆਖਦਾ ਥਿਰ ਨਹੀ ਜੱਗ ਰਹਿਣਾ, ਬੰਦਾ ਮਹਿਲ ਤੇ ਮਾੜੀਆਂ ਮੱਲਦਾ ਈ।

ਔਣ ਕਾਲ-ਕਸਾਈ ਦੀ ਛੁਰੀ ਹੇਠਾਂ, ਜਾਣੋਂ ਜੰਮਦਾ ਬੱਕਰਾ ਪਲਦਾ ਈ। 

ਗ਼ੌਸ ਕੁਤਬ ਤੇ ਔਲੀਆਂ ਅੰਬੀਆਂ ਦੇ, ਕਦੀ ਕਾਲ ਨਹੀਂ ਸੀਸ ਤੇ ਟਲਦਾ ਈ। 

ਐਵੇਂ ਮੇਰੀਆਂ-ਮੇਰੀਆਂ ਕਰੇਂ ਬੰਦੇ, ਦਾਅਵਾ ਦਮ ਦੀ ਘੜੀ ਪਲਦਾ ਈ। 

ਚੱਲੀ ਜਾਂਵਦੀ ਉਮਰ ਹਯਾਤ ਤੇਰੀ, ਜਿਵੇਂ ਨੀਰ ਨਸਾਰ ਦਾ ਚੱਲਦਾ ਈ। 

ਜਿਸਨੇ ਜਨਮ ਜਹਾਨ ਤੇ ਧਾਰਿਆ ਏ, ਸਭੇ ਕਾਲ-ਕਠਾਲੜੀ ਗਲਦਾ ਈ। 

ਬੰਦਾ ਤਮ੍ਹਾਂ-ਤੰਦੂਰ ਦੇ ਵਿਚ ਡਿੱਗਾ, ਸਿਰ ਤੇ ਪਿਆ ਮੁਸੀਬਤਾਂ ਝੱਲਦਾ । 

ਜਗ੍ਹਾ ਵਿਚ ਨਸੀਬ ਦੇ ਕਬਰ ਜੋਗੀ, ਕਰਕੇ ਮੇਰੀਆਂ ਮੇਰੀਆਂ ਵਲਦਾ ਈ। 

ਮਤਲਬ ਸਮਝਦਾ ਨਹੀਂ ਕਤਾਬ ਦਾ ਇਹ, ਵਰਕਾ ਨਾਲ ਸ਼ਤਾਬ ਉਥੱਲਦਾ ਈ। 

ਇਕ ਪਲਕ ਦਾ ਯਾਰ ਵਿਸਾਹ ਨਾਹੀ, ਮੇਲਾ ਹੋ ਗਿਆ ਸਾਸ ਤੇ ਖਲਦਾ ਈ। 

ਸੁੰਦਰ ਮੁੱਖੜਾ ਛੈਲ-ਛਬੀਲ ਬਾਂਕਾ, ਕਦੀ ਦੇਖ ਲਈ ਖ਼ਾਕ ਵਿਚ ਰਲਦਾ ਈ।

ਦਯਾ ਸਿੰਘ ਤੂੰ ਛੱਡ ਹੰਕਾਰ ਤਾਈਂ, ਤੇਰੀ ਜ਼ਿੰਦਗੀ ਬੁਲਬੁਲਾ ਜਲ ਦਾ ਈ। 

📝 ਸੋਧ ਲਈ ਭੇਜੋ