ਠੱਠਾ ਆਖਦਾ ਠੋਕ ਬਜਾਇ ਡਿੱਠੇ, ਸੱਭ ਮਤਲਬੀ ਜਿੰਦੜੀਏ ਗਾਉਂਦੇ ਨੀ।
ਕੌਣ ਕਿਸੇ ਦੇ ਫ਼ਾਇਦਿਆਂ ਵਿੱਚ ਰਾਜ਼ੀ, ਸਾਰੇ ਆਪਣੀ ਗ਼ਰਜ਼ ਨੂੰ ਭਾਉਂਦੇ ਨੀ।
ਜੇ ਤਾਂ ਆਪਣੇ ਪੱਲਿਓਂ ਚੋਗ ਪਾਈਏ, ਚੁੰਗੀ ਵਾਂਗਰਾਂ ਪੰਛੀਆਂ ਪਾਉਂਦੇ ਨੀ।
ਹਰਜ ਕੀਤਿਆਂ ਹੋਵਦੇ ਮਿੱਤ ਸਾਰੇ, ਪੈਸੇ ਦੁਸ਼ਮਨਾਂ ਨਿੱਤ ਬਨਾਉਂਦੇ ਨੀ।
ਪੈਸਾ ਯਾਰ ਬਨਾਂਵਦਾ ਤਿਨ੍ਹਾਂ ਤਾਈਂ, ਜਿਹੜੇ ਜਾਦੂ ਦੇ ਵੱਸ ਆਉਂਦੇ ਨੇ।
ਮੁਫ਼ਤ ਵੰਡ ਕੇ ਦੇਖ ਲੈ ਚੀਜ਼ ਕੋਈ, ਸਾਰੇ ਲੈਣ ਲਈ ਝੋਲੀਆਂ ਡਾਉਂਦੇ ਨੇ।
ਕਿਸੇ ਜਗ੍ਹਾ ਮੇਂ ਬ੍ਰਿਛ ਲਗਾ ਦੱਈਏ, ਭੱਜੇ ਆਂਵਦੇ ਵਾਸਤੇ ਛਾਉਂਦੇ ਨੀ।
ਨਦੀ ਨਾਮ ਸੰਜੋਗ ਦੇ ਮੇਲ ਜਿੰਦੇ, ਕੱਲੇ ਆਵਣਾ ਤੇ ਕੱਲੇ ਜਾਉਂਦੇ ਨੀ।
ਭੀੜ ਪਈ ਤਾਂ ਤੋੜ ਪ੍ਰੀਤ ਜਾਂਦੇ, ਜਿਹੜੇ ਯਾਰ ਦਿਲਦਾਰ ਕਹਾਉਂਦੇ ਨੀ।
ਜਿਥੇ ਖੜਕਦਾ ਤਵਾ ਪ੍ਰਾਤ ਹੋਵੇ, ਉਥੇ ਬੈਠ ਕੇ ਮਜਲਸਾਂ ਲਾਉਂਦੇ ਨੀ।
ਖਾਣਾ ਖਾਵਣੇ ਵਾਸਤੇ ਤਿਆਰ ਹੋਵੇ, ਖਾਣੇ ਵਾਲੜੇ ਦੇਰ ਨਹੀਂ ਲਾਉਂਦੇ ਨੀ।
ਦਯਾ ਸਿੰਘ ਨਾ ਧਰਮ ਦਾ ਕੰਮ ਕੋਈ, ਪੇਟ ਕਾਰਨੇ ਤਾਲ ਬਜਾਉਂਦੇ ਨੀ।