ਤਿਤਲੀਆਂ ਨੂੰ ਵੇਖ ਕੋਈ ਬਾਗ਼ ਜੋਗਾ ਰਹਿ ਗਿਆ
ਸ਼ੋਖ਼ ਰੰਗਾਂ ਵਿਚ ਗਵਾ ਕੇ ਜ਼ਿੰਦਗੀ ਨੂੰ ਬਹਿ ਗਿਆ
ਨਾਲ ਦੇ ਗਮਲੇ ’ਚ ਖਿੜਿਆ ਫੁੱਲ ਵੇਖਣ ਕੀ ਗਈ
ਲਾਜਵੰਤੀ ਨਾਲ ਕੋਈ ਖੁਰਦਰਾ ਹੱਥ ਖਹਿ ਗਿਆ
ਪੂਣੀਆਂ ਵਿਚ ਧੂਣੀਆਂ ਦਾ ਸੇਕ ਉਸਨੂੰ ਜਾਪਿਆ
ਘੂਕ ਸੁਣ ਚਰਖੇ ਦੀ ਜੋਗੀ ਜੋ ਪਹਾੜੋਂ ਲਹਿ ਗਿਆ
ਤਾਰਿਆਂ ਨੂੰ ਬੇਵਜ੍ਹਾ ਤਕਲੀਫ਼ ਰਹਿੰਦੀ ਹੈ ਬੜੀ
ਚੰਨ ਦਾ ਮੂਹੜਾ ਜਦੋਂ ਦਾ ਕੋਲ ਮੇਰੇ ਡਹਿ ਗਿਆ
ਅੱਗ ਬਿਰਹੋਂ ਦੀ ਬਚੀ ਬਸ ਖ਼ੁਦਕੁਸ਼ੀ ਦੇ ਵਾਸਤੇ
ਅੱਖੀਆਂ ਥਾਣੀਂ ਸਮੁੰਦਰ ਤਾਂ ਕਦੋਂ ਦਾ ਵਹਿ ਗਿਆ
ਦੋਸਤੀ ਧੁੱਪ ਨਾਲ ਤੇਰੀ ਸ਼ਾਮ ਤੀਕਰ ਹੀ ਰਹੂ
ਰਾਜ਼ ਦੀ ਇਹ ਗੱਲ ਕੋਈ ਬਿਰਖ ਮੈਨੂੰ ਕਹਿ ਗਿਆ
ਹਾਰ ਅਪਣੀ ਤੇ ‘ਅਮਰ’ ਅਫ਼ਸੋਸ ਨਾ ਹੋਇਆ ਜ਼ਰਾ
ਰੰਜ ਹੈ ਕਿ ਦੁਸ਼ਮਣਾਂ ਨੂੰ ਯਾਰ ਦੇ ਕੇ ਸ਼ਹਿ ਗਿਆ