ਤੂੰ ਕਰ ਤਕਸੀਮ ਦੇ ਜ਼ਰਬ੍ਹਾਂ

ਤੂੰ ਕਰ ਤਕਸੀਮ ਦੇ ਜ਼ਰਬ੍ਹਾਂ 

ਤੇ ਲੈ ਭਾਵੇਂ ਘਟਾ ਮੈਨੂੰ ।

ਪਰ ਅਪਣੀ ਹੋਂਦ ਦਾ ਇੱਕ ਵਾਰ 

ਲੈ ਹਿੱਸਾ ਬਣਾ ਮੈਨੂੰ ।

ਪਿਆ ਹਾਂ ਬਿਰਖ ਦੀ ਜੂਨੀ 

ਤੇ ਖ਼ੁਦ ਨੂੰ ਛਾਂ ਨਹੀਂ ਕਰਦਾ,

ਕਰਾਵੇ ਯਾਦ ਇਹ ਛੋਹ ਕੇ 

ਕਿਉਂ ਤਪਦੀ ਹਵਾ ਮੈਨੂੰ ।

ਜਿਵੇਂ ਨਿੱਤ ਘੁੰਮਦੀ ਧਰਤੀ 'ਤੇ 

ਮੈਂ ਬੇ-ਫਿਕਰ ਹੋ ਤੁਰਦਾਂ,

ਜ਼ਰਾ ਹੁਣ ਜ਼ਿੰਦਗੀ ਅਹਿਸਾਸ ਵੀ 

ਏਦਾਂ ਕਰਾ ਮੈਨੂੰ ।

ਲਿਖੀ ਜਾਵੇ ਮੁਹੱਬਤ ਦੀ ਇਬਾਰਤ 

ਜੇ ਕਦੀ ਤੈਥੋਂ,

ਮਿਲਾ ਕੇ ਨਜ਼ਰ ਬਿਨ ਬੋਲੇ ਹੀ 

ਤੂੰ ਦੇਵੀਂ ਸੁਣਾ ਮੈਨੂੰ ।

ਤੇਰੀ ਜ਼ਿੱਦ ਦੀ ਜਦੋਂ ਵੀ ਬਰਫ਼ 

ਪਿਘਲੀ ਤਾਂ ਕਦੀ ਵੇਖੀਂ,

ਕਿ ਦੇਣੈ ਔੜ ਵਰਗੇ ਨੂੰ ਵੀ 

ਤੂੰ ਦਰਿਆ ਬਣਾ ਮੈਨੂੰ ।

ਕਿਵੇਂ ਹੈ ਭੀੜ ਵਿੱਚ ਰਹਿਕੇ 

ਵੀ ਜੀਣਾ ਹੈ ਜੁਦਾ ਇਸ ਤੋਂ ,

ਨਗਰ ਦੀ ਬੇ-ਰੁਖੀ ਅੰਦਾਜ਼ 

ਇਹ ਦੇਵੇ ਸਿਖਾ ਮੈਨੂੰ ।

📝 ਸੋਧ ਲਈ ਭੇਜੋ