ਟੁੱਟੀ ਹੋਈ ਵੰਗ ਦੇ ਨਾਲ਼ ਮੈਂ ਪੂਰੇ ਲੇਖ ਉਲੀਕੇ।
ਕਿਉਂ ਜੀਵਨ ਕੰਡਿਆਰੀ ਦੇ ਵਿਚ ਵੇਲ਼ਾ ਨਿੱਤ ਧਰੀਕੇ।
ਤੂੰ ਯਾਦਾਂ ਦੀ ਛਾਵੇਂ ਮੈਨੂੰ ਸੁਫ਼ਨੇ ਵਾਂਗ ਉਡੀਕੇਂ,
ਮੈਂ ਅੰਬਰਾਂ ਤੋਂ ਪਰਤ ਆਵਾਂਗੀ ਘੁੱਟ ਕੁ ਚਾਨਣ ਪੀ ਕੇ।
ਮੇਰੀ ਅੱਖਿਓਂ ਵਰ੍ਹਦਾ ਪਿਆ ਏ ਆਸਾਂ ਭਰਿਆ ਸਾਵਣ,
ਵਰ੍ਹਿਆਂ ਦਾ ਤ੍ਰਿਹਾਇਆ ਬੱਦਲ ਹੌਲੀ ਹੌਲੀ ਡੀਕੇ।
ਤੂੰ ਮਿਲਣੇ ਦਾ ਸੁਫ਼ਨਾ ਸੀਨੇ ਵਿਚ ਲੁਕੋ ਕੇ ਰੱਖੀਂ,
ਮੈਂ ਸਰਹਾਣੇ ਧਰ ਲੇਨੀ ਹਾਂ ਤੇਰੀਆਂ ਯਾਦਾਂ ਸੀ ਕੇ।
ਉਮਰਾਂ ਲੰਘੀਆਂ, ਹੱਥ ਨਾ ਆਈਆਂ, ਸੁਫ਼ਨੇ ਦੀਆਂ ਤਬੀਰਾਂ,
ਦਿਲ ਮਰ ਜਾਣਾ ਮਿਹਣੇ ਮਾਰੇ, ਕੀ ਲੱਭਿਆ ਈ ਜੀ ਕੇ।
ਕੋਈ ਸੁਫ਼ਨੇ ਦੇ ਵਿਚ ਆ ਕੇ ਕਰਦਾ ਏ ਅਰਜ਼ੋਈ
ਕਦੀ ਤੇ ਸਾਹਮਣੇ ਆ ਜਾ ਮੇਰੇ ਖ਼ਾਬ ਦਈਏ ਵਸਨੀਕੇ।
ਅਜ਼ਲੋਂ ਇਕ ਵਿਛੋੜਾ ਸੁਗ਼ਰਾ ਨਾਲ਼ ਮੇਰੇ ਸੀ ਟੁਰਿਆ,
ਉਹਦੇ ਪਿੱਛੇ ਭੱਜ ਭੱਜ ਹੁਣ ਤੱਕ ਰੂਹ ਨਿਮਾਣੀ ਚੀਕੇ।
ਆ ਖ਼ਵਾਬਾਂ ਦੀ ਨਗਰੀ ਵਰਗੀ ਰਲ ਮਿਲ ਸਾਂਝ ਬਣਾਈਏ,
ਜੱਗ ਬੀਤੇ ਨੇਂ ਸਾਂਵਲ ਤੈਨੂੰ ਸੁਗ਼ਰਾ ਸੱਦਫ਼ ਉਡੀਕੇ।