ਤੂੰ ਹੀ ਸੂਰਜ ਤੂੰ ਹੀ ਚੰਦਾ

ਗੀਤਾ ਵੇ ਅਸੀਂ ਤੈਨੂੰ ਰੱਬ ਬਨਾਣਾ

ਲੋਕੀਂ ਤਾਂ ਜਾਵਣ ਕਾਅਬੇ ਮੱਕੇ 

ਅਸਾਂ ਦਰ ਤੇਰੇ ਤੇ ਜਾਣਾ

ਤੂੰ ਹੀ ਸੂਰਜ ਤੂੰ ਹੀ ਚੰਦਾ 

ਤੂੰ ਅੰਬਰ ਦਾ ਤਾਰਾ 

ਤੇਰਾ ਮੁੱਖ ਸੁਹਾਵੀ ਧਰਤੀ 

ਤੂੰ ਹੀ ਤਖਤ ਹਜ਼ਾਰਾ

ਪਹਿਲ ਪਲੇਠੀ ਕਿਰਨ ਵੇਖੀਏ

ਵੇਖਦਿਆਂ ਰਹਿ ਜਾਣਾ

ਗੀਤਾ ਵੇ ਅਸੀਂ ਧੁਰ ਦਰਗਾਹੋਂ

ਤੈਨੂੰ ਸਿਜਦਾ ਕਰੀਏ

ਜਿਸ ਦਿਨ ਤੇਰੇ ਦਰਸ ਨਾ ਕਰੀਏ

ਉਸ ਦਿਨ ਰੋਹੀਏ ਚੜੀਏ

ਗੀਤਾ ਵੇ ਅਸੀਂ ਸੁਭਾ ਸਵੇਰੇ

ਤੈਨੂੰ ਭਾਲਣ ਜਾਣਾ

ਗੀਤਾ ਵੇ ਸਾਡੀ ਸੁਣ ਅਰਜੋਈ

ਦੇਦੇ ਦਰਦ ਹੁਧਾਰਾ

ਲੋਕ ਤਾਂ ਦਰਦੋਂ ਦੂਰ ਭਜਾਂਦੇ

ਸਾਨੂੰ ਦਰਦ ਪਿਆਰਾ

ਜਿਸ ਦੇ ਕਰਮੀਂ ਦਰਦ ਨਾ ਲਿਖਿਆ

ਉਸ ਕੀ ਜੋਗ ਕਮਾਣਾ

ਗੀਤਾ ਵੇ ਅਸੀਂ ਤੇਰੇ ਬਾਝੋਂ

ਜਿਉਂ ਕਬਰਾਂ ਦਾ ਹਾਸਾ

ਜਾਂ ਕੋਈ ਸਉਣ ਮਹੀਨੇ ਵਿੱਚ ਵੀ

ਰਹਿ ਜੇ ਰੁੱਖ ਪਿਆਸਾ 

ਗੀਤਾ ਵੇ ਅਸੀਂ ਦੂਰ ਦੇਸ਼ ਤੋਂ 

ਸਾਡਾ ਬਹੁਤੀ ਦੂਰ ਟਿਕਾਣਾ

ਗੀਤਾ ਵੇ ਕਦੀ ਪਾਵੀਂ ਫੇਰਾ 

ਜੂਹ ਦੇ ਰੁੱਖ ਉਦਾਸੇ

ਆਣ ਵੱਸੀਂ ਵੇ ਕਿਣਮਿਣ ਕਣੀਆਂ 

ਰੂਹ ਦੇ ਹੋਠ ਪਿਆਸੇ

ਚੇਤਰ ਦਾ ਚੰਨ ਬਣ ਕੇ ਆਵੀਂ 

ਫੱਗਣ ਨੇ ਤੁਰ ਜਾਣਾ

ਗੀਤਾਂ ਵੇ ਧੰਮੀ ਵੇਲੇ

ਝੱਖੜ ਝਾਂਜਾ ਜਰੀਏ

ਕੱਚਿਆਂ ਸੰਗ ਮਨ ਪੱਕਾ ਕਰਕੇ

ਡੁੱਬ ਡੁੱਬ ਕੇ ਵੀ ਤਰੀਏ

ਗੀਤਾ ਵੇ ਅਸੀਂ ਦੁੱਖ ਦੀ ਨਦੀਏ

ਰੋਜ਼ ਨਹਾਵਣ ਜਾਣਾ

ਗੀਤਾ ਵੇ ਸਿਖਰ ਦੁਪਹਿਰੇ

ਕਹਿਰ ਵਕਤ ਦਾ ਜਰੀਏ

ਤੱਤੀ ਰੇਤ ਗੁਆਚੇ ਸੁਪਨੇ 

ਠੰਢੇ ਹੌਕੇ ਭਰੀਏ

ਗੀਤਾਂ ਵੇ ਸਾਨੂੰ ਮਿਲ ਸੰਧਿਆ ਨੂੰ 

ਸੂਰਜ ਸੰਗ ਡੁੱਬ ਜਾਣਾ

ਗੀਤਾ ਵੇ ਕਦੀ ਰਾਤੀਂ ਆਵੇਂ

ਗਲ ਲੱਗ ਕੇ ਸੌਂ ਜਾਈਏ

ਸੁਪਨੇ ਦੀ ਫੁੱਲਕਾਰੀ ਕੱਢੀਏ 

ਤੰਦ ਸਾਹਾਂ ਦੀ ਪਾਈਏ

ਤੁਸਾਂ ਤਾਂ ਰਹਿਣਾ ਸਦਾ ਸੁਹਾਗਣ 

ਅਸਾਂ ਤਾਂ ਮਰ ਮੁੱਕ ਜਾਣਾ 

ਲੋਕੀਂ ਤਾਂ ਜਾਵਣ ਕਾਅਬੇ ਮੱਕੇ 

ਅਸੀਂ ਦਰ ਤੇਰੇ ਤੇ ਜਾਣਾ

📝 ਸੋਧ ਲਈ ਭੇਜੋ