ਉੱਚੀਆਂ ਲੰਮੀਆਂ ਟਾਹਲੀਆਂ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਉਤੋਂ ਜੋਬਨ ਦਾ ਕਹਿਰ ਨੀਂ ਮਾਏ

ਸਾਵਣ ਤਾਂ ਵਸਦਾ ਕਦੇ ਕਦਾਈਂ 

ਅਸੀਂ ਤਾਂ ਚੱਤੋ ਪਹਿਰ ਨੀਂ ਮਾਏ

ਉਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਵਿੱਚ ਚਾਨਣ ਦੀ ਲੀਕ ਨੀਂ ਮਾਏ

ਚੰਦ ਤਾਂ ਚੜ੍ਹਦਾ ਕਦੇ ਕਦਾਈਂ 

ਸਾਨੂੰ ਤਾਂ ਨਿੱਤ ਉਡੀਕ ਨੀਂ ਮਾਏ

ਉਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਦੂਰ ਤਾਂ ਬੋਲੇ ਕੂੰਜ ਨੀਂ ਮਾਏ

ਇਹ ਅੱਥਰੂ ਸਾਡਾ ਮੁੱਢ ਕਦੀਮੀ 

ਇਹ ਅੱਥਰੂ ਨਾ ਪੂੰਝ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਮਹਿੰਦੀ ਦੇ ਕਾਲੇ ਬਾਗ ਨੀਂ ਮਾਏ

ਕੌਣ ਕਰੇਂਦਾ ਯਾਦ ਪੁਨੂੰ ਨੂੰ 

ਸੱਸੀ ਜੇ ਪੈਂਦੀ ਜਾਗ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਚੀਂ ਚੀਂ ਤਾਂ ਕਰਦੇ ਬੋਟ ਨੀਂ ਮਾਏ

ਚੋਗ ਚੁਗੀਵਣ ਮਾਪੇ ਜਾਵਣ 

ਰੱਖ ਕੇ ਰੱਬ ਦੀ ਓਟ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਕਿਤੇ ਕੋਲ ਵਗੇ ਦਰਿਆ ਨੀਂ ਮਾਏ

ਕੱਚੇ ਘੜੇ ਤੋਂ ਕਾਹਦਾ ਡਰਨਾ 

ਜੇ ਮਿਲਣੇ ਦਾ ਚਾਅ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਸੂਕੇ ਜਿਸਮ ਦਾ ਨਾਗ ਨੀਂ ਮਾਏ 

ਰੂਹ ਦੇ ਬਾਗੀਂ ਜੋਗੀ ਸੁੱਤੇ 

ਕਹੇ ਲਿਖਾਏ ਭਾਗ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਉਤੋਂ ਤਾਂ ਪੈਗੀ ਰਾਤ ਨੀਂ ਮਾਏ

ਸੁੱਖ ਕਸੁੰਭੜਾ ਚਾਰ ਦਿਨਾਂ ਦਾ 

ਦੁੱਖ ਉਮਰਾਂ ਦਾ ਸਾਥ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਵਿਚ ਤਾਂ ਬੋਲਣ ਮੋਰ ਨੀਂ ਮਾਏ

ਆਵੇ ਵੇ ਕੋਈ ਬੱਦਲ ਬਣ ਕੇ 

ਛਮ ਛਮ ਵਰਸੇ ਜ਼ੋਰ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਪੱਤੇ ਤਾਂ ਪਾਵਣ ਸ਼ੋਰ ਨੀਂ ਮਾਏ

ਸਾਡੇ ਤਾਂ ਨੈਣੀਂ ਰਾਂਝਣ ਵੱਸਦਾ 

ਤਖਤ ਹਜ਼ਾਰੇ ਨੂੰ ਤੋਰ ਨੀਂ ਮਾਏ

ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ 

ਨਵੇਂ ਨਵੇਲੇ ਪੱਤ ਨੀਂ ਮਾਏ

ਸਭੇ ਤਾਂ ਰਾਤਾਂ ਚੰਨ ਦੇ ਲੇਖੇ

ਰਾਤ ਅਜੋਕੜੀ ਰੱਖ ਨੀਂ ਮਾਏ

📝 ਸੋਧ ਲਈ ਭੇਜੋ