ਊੜਾ ਓਸ ਕਰਤਾਰ ਨੂੰ ਸਿਮਰ ਬੰਦੇ, ਜੇਹੜਾ ਆਦਿ ਮਧ ਅੰਤ ਸਦਾਂਵਦਾ ਸੀ।

ਸੁੰਨ-ਮੁੰਨ ਦੇ ਵਿਚ ਬਿਰਾਜ ਰਿਹਾ, ਛਤੀ ਜੱਗ ਗ਼ੁਬਾਰ ਰਹਾਂਵਦਾ ਸੀ।

ਜੀਵ-ਜੰਤ ਨਾ ਜ਼ਿਮੀ ਅਸਮਾਨ ਤਾਰੇ, ਸੂਰਜ ਚੰਦ ਨਾ ਨਜ਼ਰੀਂ ਆਂਵਦਾ ਸੀ।

ਰੱਬ ਆਦਿ ਤੋਂ ਬੇਅੰਤ ਹੈ ਜੀ, ਭੇਦ ਵੇਦ ਕਤੇਬ ਨਾ ਪਾਂਵਦਾ ਸੀ।

ਅੱਵਲ ਇਸ਼ਕ ਪਹਿਲਾਂ ਹੋਇ ਰੱਬ ਤਾਈਂ, ਬ੍ਰਹਮਾ ਬਿਸ਼ਨ ਮਹੇਸ਼ ਬਨਾਂਵਦਾ ਸੀ।

ਪਾਰਬਤੀ ਤੇ ਮਹਾਂ ਦੇਉ ਸਾਜ ਕੇ ਜੀ, ਰੱਬ ਦੋਹਾਂ ਦਾ ਜੋੜ ਬਨਾਂਵਦਾ ਸੀ।

ਬ੍ਰਹਮਾ ਉਤਪਤੀ ਕਰੇ ਤੇ ਵਿਸ਼ਨ ਪਾਲ਼ੇ , ਸ਼ਿਵਾਂ ਕੋਲੋਂ ਸੰਘਾਰ ਕਰਾਂਵਦਾ ਸੀ।

ਰਜੋ ਤਮੋ, ਸਤੋ ਤਿੰਨਾਂ ਗੁਣਾਂ ਅੰਦਰ, ਜਗਤ ਕਰਮ ਕਮਾਂਵਦਾ ਸੀ।

ਹੋਇ ਏਕ ਤੋਂ ਕਈ ਅਨੇਕ ਪੈਦਾ, ਏਸੇ ਤਰ੍ਹਾਂ ਸੰਸਾਰ ਵਧਾਂਵਦਾ ਸੀ।

ਗਰਭ ਫੇਰ ਪਾਵੇ ਪਹਿਲਾਂ ਜੀਵ ਤਾਈਂ, ਨਾਮ ਜਪੀਂ ਏਨੀ ਬੰਦੇ ਨੂੰ ਆਪ ਸੁਨਾਂਵਦਾ ਸੀ।

ਬੰਦਾ ਆਪਣੇ ਮੁੱਖ ਸੇ ਆਪ ਕਹਿੰਦਾ, ਤੇਰਾ ਨਾਮ ਨਾ ਕਦੀ ਭੁਲਾਂਵਦਾ ਸੀ।

ਪੰਜ ਤੱਤ ਦਾ ਪੁਤਲਾ ਸਾਜਕੇ ਵੀ, ਵਾਸਾ ਗਰਭ ਦੇ ਵਿੱਚ ਕਰਾਂਵਦਾ ਸੀ।

ਮਹਿਮਾਂ ਕਿਸ ਤਰ੍ਹਾਂ ਮੁੱਖ ਸੇ ਆਖ ਸਕਾਂ, ਪਾਣੀ ਬੂੰਦ ਤੋਂ ਹੱਡ ਬਨਾਂਵਦਾ ਸੀ।

ਮਹੀਨੇ ਨਵਾਂ ਦਾ ਸਾਹਿਬ ਨੇ ਸਜ਼ਾ ਦਿੱਤੀ, ਤੋਰੀ ਵਾਂਗਰਾਂ ਵਿੱਚ ਲਟਕਾਂਵਦਾ ਸੀ।

ਓਸ ਕੈਦ 'ਚੋਂ ਇਕ ਅਕਾਲ ਬਾਝੋ, ਤੈਨੂੰ ਕੌਣ ਵਕੀਲ ਛੁਡਾਂਵਦਾ ਸੀ।

ਜਿਥੇ ਵਿਸ਼ਟਾ ਮੂਤ ਦੁਰਗੰਧ ਹੈ ਸੀ, ਓਸੇ ਜਗ੍ਹਾ ਤੇ ਮੁੱਖ ਟਿਕਾਂਵਦਾ ਸੀ।

ਜਦੋਂ ਏਸ ਜਹਾਨ ਤੇ ਆਂਵਦਾ ਹੈ, ਮੁਸ਼ਕ ਦੇਖਕੇ ਮੁੱਖ ਛੁਪਾਂਵਦਾ ਸੀ।

ਪੁੱਠਾ ਲਟਕਦਾ ਦੁੱਖ ਨਿਹਾਇਤ ਤੰਗੀ, ਓਥੇ ਰੱਬ ਦਾ ਨਾਮ ਧਿਆਂਵਦਾ ਸੀ।

ਸਵਾਸ-ਸਵਾਸ ਹੈ ਨਾਮ ਚਿਤਾਰਦਾ ਸੀ, ਇੱਕ ਸਾਸ ਵੀ ਨਹੀਂ ਭੁਲਾਂਵਦਾ ਸੀ।

ਵਿੱਚ ਗਰਭ ਦੇ ਅਗਨ ਸੀ ਤੇਜ਼ ਡਾਢੀ, ਨਾਮ ਵਿਸਰੇ ਤਾਂ ਸੜ ਜਾਂਵਦਾ ਸੀ।

ਸੀਤਲ ਨਾਮ ਨਾ ਅਗਨ ਨੂੰ ਛੋਹਨ ਦੇਵੇ, ਜੈਸੇ ਅੱਗ ਨੂੰ ਨੀਰ ਬੁਝਾਂਵਦਾ ਸੀ।

ਪੁਠੇ ਪਏ ਨੂੰ ਗਰਭ ਦੀ ਅਗਨ ਵਿੱਚੋਂ, ਸੱਚੇ ਸਾਹਿਬ ਦਾ ਨਾਮ ਚਾਂਵਦਾ ਸੀ।

ਹੋਯਾ ਹੁਕਮ ਕਰਤਾਰ ਦਾ ਜਨਮ ਲੀਤਾ, ਮਾਤ-ਲੋਕ ਤੇ ਕਦਮ ਟਿਕਾਂਵਦਾ ਸੀ।

ਜਿਸ ਵਕਤ ਮੇਂ ਪੇਟ 'ਚੋਂ ਬਾਹਰ ਆਯਾ, ਓਸੇ ਵਕਤ ਹੀ ਨਾਮ ਭੁਲਾਂਵਦਾ ਸੀ।

ਦੇਨਦਾਰ ਭੁੱਲਾ ਪੇਟ ਵਿੱਚ ਜਿਹੜੀ, ਪੇਟ ਪੂਰਦਾ ਰਿਜ਼ਕ ਪਹੁੰਚਾਂਵਦਾ ਜੀ।

ਜਿਹੜੇ ਆਪ ਜ਼ੁਬਾਨ ਦੇ ਨਾਲ ਕੀਤਾ, ਸੋਈ ਕੌਲ-ਕਰਾਰ ਭੁਲਾਂਵਦਾ ਸੀ।

ਸੋਈ ਨਾਮ ਕਿਤਾਬ ਦਾ ਹਰਫ਼ ਉਚਾ, ਜਿਨੂੰ ਦਿਨ ਤੇ ਰਾਤ ਪਕਾਂਵਦਾ ਸੀ।

ਦੇਖ ਉਸ ਨਸ਼ਾਨੇ ਦੀ ਸ਼ਿਸ਼ਤ ਉੱਕੀ, ਜਿਨੂੰ ਦਿਲ ਦੇ ਤੀਰ ਚਲਾਂਵਦਾ ਸੀ।

ਓਸੇ ਯਾਰ ਦੇ ਭੁੱਲ ਗਏ ਗੀਤ ਬੰਦੇ, ਦਿਲ ਦੀ ਤਾਰ ਨੂੰ ਜਦੋਂ ਗਾਂਵਦਾ ਸੀ।

ਓਸੇ ਹੀਰ ਨੂੰ ਦਿਲੋਂ ਭਲਾਇ ਦੇਨਾ, ਰਾਂਝਾ ਜਿਸ ਦੀਆਂ ਔਸੀਆਂ ਪਾਂਵਦਾ ਸੀ।

ਹੱਥ ਨਾਮ ਦਾ ਲਾਲ ਸੀ ਦੇਵਾ ਸਿੰਘ, ਵਿੱਚ ਪੇਟ ਦੇ ਹੀ ਸਿਟ ਆਂਵਦਾ ਸੀ।

📝 ਸੋਧ ਲਈ ਭੇਜੋ