ਊੜਾ ਓਅੰਕਾਰ ਹੈ ਪਰੀ ਪੂਰਨ, ਬਿਆਪ ਰਿਹਾ ਵਿਚ ਰੰਗ ਦੇ ਰੰਗ ਹੋਕੇ ।

ਕਿੰਨ੍ਹਾਂ ਦਿਲਾਂ ਨੂੰ ਸਖ਼ਤ ਮਨੂਰ ਕੀਤਾ, ਕਿਨ੍ਹਾਂ ਦਿਲਾਂ ਨੂੰ ਚੜ੍ਹ ਗਿਆ ਭੰਗ ਹੋਕੇ । 

ਜਾਨ ਜਿਸਮ ਦੇ ਵਿਚ ਛੁਪਾ ਰੱਖੀ, ਨਾਜ਼ਕ ਨੈਣ-ਪ੍ਰਾਣ ਦੇ ਅੰਗ ਹੋਕੇ । 

ਕਿਸੇ ਜੀਵ ਵਿਚ ਭੇਦ ਨ ਜਾਪਦਾ ਏਂ, ਐਨ ਗ਼ੈਨ ਬਣਗੀ ਨੁਕਤਾ ਸੰਗ ਹੋਕੇ । 

ਜਾਪ ਆਪਣਾ ਆਪ ਅਲਾਪਦਾ ਏ, ਆਪੇ ਬੋਲਦਾ ਸ਼ਬਦ ਸੋਹੰਗ ਹੋਕੇ । 

ਆਪੇ ਦਾਨ ਕਰਦਾ ਆਪੇ ਮੰਗਦਾ ਏ, ਬਾਦਸ਼ਾਹ ਕੰਗਾਲ ਤੇ ਨੰਗ ਹਕੇ। 

ਕਿਤੇ ਧਨੀ ਧਨਵਾਨ ਹੈ ਧੁਜਾ-ਧਾਰੀ, ਕਿਤੇ ਰਹੇ ਪਦਾਰਥੋਂ ਤੰਗ ਹੋਕੇ । 

ਕਿਤੇ ਸ਼ਰ੍ਹਾ ਸ਼ਰੀਕਤਾਂ ਕਰੇ ਬੈਠਾ, ਕਿਤੇ ਫਿਰੇ ਲਾ-ਮਜ਼੍ਹਬ ਨਿਸ਼ੰਗ ਹੋਕੇ । 

ਕਿਤੇ ਘੋਨ-ਮੋਨ ਕਿਤੇ ਕੇਸ-ਧਾਰੀ, ਰੱਖੇ ਸੀਸ ਤੇ ਚੱਕ ਨਿਹੰਗ ਹੋਕੇ । 

ਆਪੇ ਨ੍ਹਾਂਵਦਾ ਪਾਂਵਦਾ ਫਲ ਆਪੇ, ਆਪੇ ਵਗੇ ਜਗਤ ਵਿਚ ਰੰਗ ਹੋਕੇ। 

ਕਿਤੇ ਨਕਲ ਤੇ ਸ਼ਕਤ ਬੇ-ਅਕਲ ਫਿਰਦਾ, ਕਿਤੇ ਵਰਤਿਆ ਰੂਪ ਸੁਰੰਗ ਹੋਕੇ । 

ਆਪੇ ਆਸ਼ਕਾਂ ਦੇ ਸ਼ਿਰੋਮਣੀ ਆਸ਼ਕ, ਸੜੇ ਸ਼ਮ੍ਹਾ ਨੂੰ ਦੇਖ ਪਤੰਗ ਹੋਕੇ । 

ਦਯਾ ਸਿੰਘ ਤੂੰ ਹੋਇ ਤਿਆਰ ਰਹਿਣਾ, ਚਿੱਠੀ ਆਵਨੀ ਮੌਤ ਬਰੰਗ ਹੋਕੇ ।

📝 ਸੋਧ ਲਈ ਭੇਜੋ