ਉਨ੍ਹੇ ਲਛਮਣ ਰੇਖਾ ਨੂੰ ਪਾਰ

ਉਨ੍ਹੇ ਲਛਮਣ ਰੇਖਾ ਨੂੰ ਪਾਰ ਤਾਂ ਕਰਨਾ ਹੀ ਕਰਨਾ ਸੀ। 

ਨਹੀਂ  ਲੰਕਾ ਕਿਵੇਂ  ਸੜਦੀ,  ਕਿਵੇਂ ਰਾਵਣ ਨੇ ਮਰਨਾ ਸੀ।

ਵਸਲ ਨੂੰ ਤਾਂਘਦੇ ਉਹ ਪਲ ਜੁਗੋ ਜੁਗ ਮਹਿਕਦੇ ਰਹਿਣੇ,

ਜਦੋਂ  ਕੱਚਾ  ਘੜਾ  ਸੀ  ਕੋਲ ਤੇ ਦਰਿਆ ਵੀ ਤਰਨਾ ਸੀ।

ਮੁਹੱਬਤ ਦੇ ਨਗਰ ਵਿਚ ਰਹਿਣ ਦੀ ਕੀਮਤ ਕੀ ਪੁੱਛਦੇ ਹੋ,

ਦਿਨੇ  ਰਾਤੀਂ  ਪਿਆ  ਮੈਨੂੰ ਤਲੀ  'ਤੇ  ਸੀਸ  ਧਰਨਾ ਸੀ। 

ਸ਼ਿਕਾਇਤ ਇਹ ਨਹੀਂ ਤੂੰ ਤੋੜਿਆ ਕਿਉਂ ਦਿਲ ਦੀਵਾਨੇ ਦਾ,

ਗਿਲਾ ਹੈ  ਪਿਆਰ  ਕਿਉਂ ਕੀਤਾ ਜ਼ਮਾਨੇ ਤੋਂ ਜੇ ਡਰਨਾ ਸੀ।

ਕਿਸੇ   ਦੇ  ਨਾਲ   ਤੈਨੂੰ  ਸੈਰ  ਕਿੰਜ  ਲੱਗੀ  ਪਹਾੜਾਂ  ਦੀ,

ਕਿਵੇਂ  ਲੱਗਿਆ  ਕਦੇ  ਤੱਕਿਆ  ਜੋ ਮੇਰੇ ਨਾਲ ਝਰਨਾ ਸੀ।

ਕਥਾ ਅਪਣੀ 'ਚੋਂ ਜਿਹੜੀ ਚੀਜ਼ ਨੂੰ ਮੁੜ ਮੁੜ ਮੈਂ ਪੜ੍ਹਦਾ ਹਾਂ,

ਇਹ ਉਹ ਖ਼ਾਲੀ ਜਗ੍ਹਾ ਹੈ ਜਿਸ 'ਚ ਤੇਰਾ ਨਾਮ ਭਰਨਾ ਸੀ।

📝 ਸੋਧ ਲਈ ਭੇਜੋ