ਉਸਨੇ ਕਿਹਾ ਜੋ ਹੋ ਗਿਆ

ਉਸਨੇ ਕਿਹਾ, ‘ਜੋ ਹੋ ਗਿਆ ਸੋ ਹੋ ਗਿਆ, ਹੁਣ ਅਲਵਿਦਾ’

‘ਬਸ ਮਾਫ਼ ਮੈਨੂੰ ਕਰ ਦਈਂ’ ਉਹ ਤੁਰ ਗਿਆ ਇਹ ਆਖਦਾ

ਮੇਹਣੇ ਬੜੇ ਹੀ ਗ਼ੈਰ ਨੇ ਦੇਣੇ ਨੇ ਪਹਿਲੇ ਪਿਆਰ ਦੇ

ਸ਼ਾਇਦ ਨ ਹੁੰਦਾ ਬੇਵਫ਼ਾ, ਉਹ ਇਸ ਤਰ੍ਹਾਂ ਜੇ ਸੋਚਦਾ

ਨਜ਼ਰਾਂ ਚੁਰਾ ਕੇ ਲੰਘਿਆ ਚਾਹੇ ਉਹ ਮੇਰੇ ਕੋਲ ਦੀ

ਥੋੜ ੍ਹਾ ਕੁ ਜਾ ਕੇ ਦੂਰ ਉਹ ਅੱਖਾਂ ਪਿਆ ਸੀ ਪੂੰਝਦਾ

ਪਹਿਲਾਂ ਜੇ ਮਿਲਦੀ ਸੂਹ ਕਿਤੇ ਕਿ ਯਾਰ ਨੇ ਮੂੰਹ ਫੇਰਨਾ

ਮੈਂ ਰੂਹ ਦੇ ਖੂਹ ਅੰਦਰ ਕਦੇ ਡੂੰਘਾ ਨ ਏਨਾ ਉਤਰਦਾ

ਉਸਨੇ ਵੀ ਕੀਤਾ ਹੈ ਉਹੀ ਕਰਦੇ ਨੇ ਸਾਰੇ ਲੋਕ ਜੋ

ਇਹ ਤਾਂ ਖ਼ਤਾ ਮੇਰੀ ਏ ਮੈਂ ਹੀ ਸਮਝਿਆ ਉਸਨੂੰ ਖ਼ੁਦਾ

ਚਾਹੇ ‘ਅਮਰ’ ਦੇਂਦਾ ਏ ਸੱਭ ਨੂੰ ਮਸ਼ਵਰਾ ਖ਼ੁਸ਼ ਰਹਿਣ ਦਾ

ਕੋਈ ਉਦਾਸੀ ਨੂੰ ਨਹੀਂ ਉਸ ਤੋਂ ਜ਼ਿਆਦਾ ਜਾਣਦਾ

📝 ਸੋਧ ਲਈ ਭੇਜੋ