ਉੱਠ ਜਾਗ ਪੰਜਾਬ ਸਿਆਂ
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੱਕ ਸੋਨ ਚਿੜੀ ਆਪਣੀ,
ਸ਼ਿਕਰੇ ਕਿਹੜੀ ਚਾਲ ਨਾਲ ਫੜ੍ਹ ਗਏ !
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੂੰ ਕੀ ਸੀ,ਕੀ ਬਣ ਗਿਆ
ਸਾਰੀ ਭੁੱਲ ਗਿਐਂ ਰੀਤ ਪੁਰਾਣੀ
ਤੇਰੇ ਚੇਤਿਓਂ ਵਿੱਸਰ ਗਈ
ਬਾਬੇ ਨਾਨਕ ਜੀ ਦੀ ਬਾਣੀ
ਜਿਸ ਨੂੰ ਸੁਣ ਬਾਬਰ ਦੇ
ਹੱਥ ਤਲਵਾਰ ਵਾਲੇ ਸੀ ਖੜ੍ਹ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਦਸਮੇਸ਼ ਪਿਤਾ ਨੇ ਸੀ
ਜ਼ੁਲਮ ਦੇ ਰੋਕੇ ਵਾਰ ਲੈ ਢਾਲਾਂ,
ਉਸ ਰਾਹ ਤੋਂ ਰੋਕਣ ਲਈ
ਦੋਖੀ ਚੱਲਦੇ ਲੂੰਬੜ ਚਾਲਾਂ,
ਓਸ ਸ਼ੇਰ ਦੇ ਪੁੱਤਰ ਕਿਉਂ,
ਅੱਜ ਫਿਰ ਘੁਰਨਿਆਂ ਵਿੱਚ ਦੜ ਗਏ !
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੈਨੂੰ ਕੀਹਨੇ ਨਹੀਂ ਲੁੱਟਿਆ
ਕੀ ਤੈਮੂਰ ਤੇ ਕੀ ਅਬਦਾਲੀ
ਤੇਰੇ ਅਣਖੀ ਸੂਰਮਿਆਂ
ਖੋਹ ਹਥਿਆਰ ਮੋੜਤੇ ਖਾਲ਼ੀ
ਨਲੂਏ ਜਿਹੇ ਯੋਧਿਆਂ ਦੇ,
ਨਾਮ ਪਠਾਣੀਆਂ ਦੇ ਮੂੰਹ ਚੜ੍ਹ ਗਏ -
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੀ ਇਸ ਧਰਤੀ ਨੇ
ਪੈਦਾ ਕੀਤੇ ਭਗਤ, ਸਰਾਭੇ
ਤੈਨੂੰ ਅੱਜ ਯਾਦ ਨਹੀਂ
ਬੱਬਰ ਅਕਾਲੀ, ਗਦਰੀ ਬਾਬੇ
ਹੱਕ-ਸੱਚ ਦੀ ਖ਼ਾਤਰ ਜੋ
ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੇ ਸਿਰੜੀ ਜੁੱਸੇ ਨੂੰ
ਢਾਲ ਨਾ ਸਕੇ ਤੋਪ ਦੇ ਗੋਲੇ
ਚਿੱਟੇ ਦੀ ਚੁੱਟਕੀ ਨੇ
ਕਰਤੇ ਗੱਭਰੂ ਗੂੰਗੇ-ਬੋਲੇ
ਲੈ ਸਾਰ ਜੁਆਨੀ ਦੀ
ਸਮਝ ਲੈ ਕੌਣ ਘਾੜਤਾਂ ਘੜ੍ਹ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੇ ਮਿੱਠੜੇ ਪਾਣੀ ਨੂੰ,
ਕਰਤਾ ਕੌੜਾ ਪਾ-ਪਾ ਜ਼ਹਿਰਾਂ,
ਦਰਿਆ ਤਾਂ ਵੰਡੇ ਸੀ,
ਇਹ ਹੁਣ ਵੰਡੀ ਜਾਂਦੇ ਨਹਿਰਾਂ
ਪਰ ਤੇਰੇ ਸਭ ਮਸਲੇ ,
ਵੀਰਨਾਂ ਤੇਜ਼ ਹੜ੍ਹਾਂ ਵਿੱਚ ਹੜ੍ਹ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਇੱਕ ਪੁੱਤਰ ਅੰਨਦਾਤਾ
ਲੈ ਗਿਆ ਫਾਹਾ ਕਰਜ਼ੇ ਡੁੱਬਾ
ਦੂਜਾ ਡੇਰੇ ਸਾਧਾਂ ਦੇ
ਡਿੱਗ-ਡਿੱਗ ਪੈਰੀਂ ਹੋ ਗਿਆ ਕੁੱਬਾ
ਹੁਣ ਬਹੁੜ ਜੋਗੀਆ ਵੇ
ਟੱਬਰ ਦੇ ਨਾਗ ਕੁੰਡਲੀਏ ਲੜ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੀ ਧਰਤ ਸੁਹਾਵੀ ਤੇ,
ਰਹੇ ਨੇ ਗੁਰ-ਪੀਰਾਂ ਦੇ ਵਾਸੇ,
ਅੱਜ ਉਸੇ ਧਰਤੀ ਤੇ,
ਹਾਹਾਕਾਰ ਮੱਚੀ ਹਰ ਪਾਸੇ
ਗੁਰੂ ਗ੍ਰੰਥ ਸਾਹਿਬ ਜੀ ਦੇ,
ਅੰਗ ਨੇ ਗਲ਼ੀਆਂ ਦੇ ਵਿੱਚ ਸੜ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੇ ਘਰ ਦੇ ਜੰਦਰੇ ਦੀ,
ਦੇਖ ਖਾਂ ਕਿਹੜੇ ਹੱਥੀਂ ਕੁੰਜੀ
ਗੱਲ ਸੋਲਾਂ ਆਨੇਂ ਐਂ
ਚੋਰੀ ਭੇਤ ਬਿਨਾਂ ਨਹੀੰ ਹੁੰਦੀ
ਤੇਰੇ ਘਰ ਦੇ ਰਖਵਾਲੇ
ਲਗਦੈ ਨਾਲ ਚੋਰਾਂ ਦੇ ਖੜ੍ਹ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !
ਤੇਰੀ ਰੱਤ ਚੂਸ ਲਈ,
ਬੇਈਮਾਨਾਂ, ਰਿਸ਼ਵਤਖ਼ੋਰਾਂ
ਤੇਰਾ ਕੱਖ ਵੀ ਛੱਡਣਾ ਨਹੀਂ
ਇਹਨਾਂ ਘਰ ਵਿੱਚ ਵੜਿਆਂ ਚੋਰਾਂ
ਸੁੱਖ ਸੁੱਤਿਆਂ ਨਹੀਂ ਸਰਨਾ
ਜਿੱਤ ਗਏ ਜੋ ਉਹਨਾਂ ਸੰਗ ਲੜ ਗਏ
ਉਠ ਜਾਗ ਪੰਜਾਬ ਸਿਆਂ -
ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !