ਰੁਕੋ ! ਸੁਣੋ ਰਾਹਗੀਰੋ !!
ਤਿੱਖੜ-ਦੁਪਹਿਰੇ, ਵੰਙਾਂ ਟੁੱਟਣ ਦੀ 'ਵਾਜ
ਇਕ ਅਨੂਠਾ ਰਾਜ਼
ਹਾਏ ! ਰੱਬ ਨਾ ਕਰੇ ... ਜਾਣਦੇ ਓ ?
ਨਹਿਸ਼ ਹੁੰਦਾ ਏ ਵੰਙਾਂ ਦਾ ਟੁੱਟਣਾ
ਕਿਸੇ ਦਾ ਨਸੀਬ ਫੁੱਟਣਾ ।
ਮੁਆਫ਼ ਕਰਨਾ, ਸ਼ਾਇਦ ਇਹ ਸੰਗੀਤ
ਤੁਹਾਨੂੰ ਠੀਕ ਨਹੀਂ ਭਾਇਆ
ਤੁਰੇ ਜਾਓ, ਆਪਣੀ ਤੋਰੇ , ਮੰਜ਼ਿਲ ਵੱਲੇ
ਪੱਥਰ ਦੀਆਂ ਇਹ ਚਿੱਪਰਾਂ
ਮੈਨੂੰ ਆਪੇ ਦਸ ਦੇਣਗੀਆਂ
ਕਿ ਢਿੱਡੋਂ ਭੁੱਖੀ, ਪੱਥਰ ਕੁੱਟਦੀ
ਮੁਟਿਆਰ ਦੀਆਂ ਵੰਙਾਂ
ਸਾਥੋਂ ਭੱਜੀਆਂ ਨੇ !
ਸਾਥੋਂ ਭੱਜੀਆਂ ਨੇ !!