ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਤੜਪ ਵਧੇਰੀ
ਜੋਗੀ ਜੰਗਲਾਂ ਵਿੱਚ ਹੀ ਸੋਂਹਦੇ
ਬਾਰੀਂ ਬਰਸੀਂ ਫੇਰੀ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਬਹੁਤ ਖੁਆਰੀ
ਕਿੱਥੇ ਹੱਸਦੇ ਕਿੱਥੇ ਵੱਸਦੇ
ਕੀ ਬੱਦਲਾਂ ਦੀ ਯਾਰੀ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਣ ਮੁਹੱਬਤ ਮਾੜੀ
ਤਨ ਦੀ ਮਹਿਕ ਸਦਾ ਨਾ ਰਹਿਣੀ
ਰੂਹ ਦੀ ਰੁੱਤ ਪਿਆਰੀ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਚੰਨ ਦੇ ਕਿਸ ਤੇ ਦਾਅਵੇ
ਤਾਰੇ ਮਿਲਦੇ ਟੁੱਟ ਭੱਜ ਜਾਂਦੇ
ਸੂਰਜ ਜੱਗ ਰੁਸ਼ਨਾਵੇ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਭਟਕਣ ਪੌਣ ਤੇ ਪਾਣੀ
ਉਹੀਓ ਸਦਾ ਇਬਾਦਤ ਸੁੱਚੀ
ਜਿਸ ਬਿਰਹਾ ਰਮਜ਼ ਪਛਾਣੀ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਦਰਦ ਘਨੇਰੇ
ਅੰਬਰ ਧਰਤੀ ਕਦ ਮਿਲਦੇ ਨੇ
ਨਾ ਵੱਸ ਤੇਰੇ ਮੇਰੇ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਹੋਰ ਉਨੀਂਦੇ
ਸਰਪ ਜੀਭ ਦੀ ਜੂਨ ਹੰਢਾਦੇ
ਮਾੜੇ ਲੋਕ ਸੁਣੀਂਦੇ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਬੂਰ ਝੜੀਂਦੇ
ਕੀਕਣ ਦਿਲ ਦੇ ਮਹਿਰਮ ਕਹੀਏ
ਖੂਨ ਜਿਗਰ ਦਾ ਪੀਂਦੇ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆ ਹੋਰ ਪਿਆਸੇ
ਹੰਝੂ ਸਾਡੀ ਕਬਰ ਦਾ ਦੀਵਾ
ਸੋਹਣ ਨਾ ਸਾਨੂੰ ਹਾਸੇ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਮਿਲੇ ਨਾ ਮੁਕਤੀ
ਮੋਇਆਂ ਬਾਦ ਵੀ ਚੈਨ ਨਾ ਮਿਲਣੀ
ਸਦਾ ਤੇਰੇ ਵਿੱਚ ਸੁਰਤੀ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਮਿਲਿਆਂ ਮਨ ਭਰ ਆਵੇ
ਦੀਦ ਵਿਛੋੜਾ ਹੋ ਜੇ ਥੋੜ੍ਹਾ
ਮਿਲਣ ਨਾ ਪਾਰ ਲੰਘਾਵੇ