ਵੇਖਾਂ ਜਦ ਮੈਂ ਕੰਧਾਂ ਤੇ ਕੁਝ ਲਟਕਦੀਆਂ ਤਸਵੀਰਾਂ ਨੂੰ
ਸੋਚਾਂ ਕਿਸ ਥਾਂ ਤੁਰ ਜਾਂਦੇ ਨੇ ਛੱਡ ਕੇ ਲੋਕ ਸਰੀਰਾਂ ਨੂੰ
ਦਿਲਬਰ ਦੀ ਗੋਦੀ ਤੋਂ ਲਗਦਾ ਦੁਸ਼ਮਣ ਬਹੁਤੀ ਦੂਰ ਨਹੀਂ
ਵੇਖ ਲਵਾਂ ਜਦ ਸੁਪਨੇ ਵਿਚ ਮੈਂ ਜੰਡ ’ਤੇ ਟੰਗੇ ਤੀਰਾਂ ਨੂੰ
ਅੰਤਿਮ ਖ਼ਤ ਵਿਚ ਏਦਾਂ ਚਿਤਰੀ ਉਸਨੇ ਅਪਣੀ ਮਜਬੂਰੀ
ਪੈਰ ਬਣਾ ਕੇ ਉਹਨਾਂ ਦੇ ਵਿਚ ਪਾਇਆ ਹੈ ਜ਼ੰਜੀਰਾਂ ਨੂੰ
ਕਹਿਣ—ਸੁਣਨ ਦੀ ਰੁੱਤ ਗੁਲਾਬੀ ਚੁੱਪ ਚੁਪੀਤੇ ਬੀਤ ਗਈ
ਗੁੰਗੇ ਬੋਲ਼ੇ ਮੌਸਮ ਵਿਚ ਕੀ ਕਰੀਏ ਹੁਣ ਤਦਬੀਰਾਂ ਨੂੰ
ਮਾਰ ਕੇ ਮੈਨੂੰ ਖ਼ੁਸ਼ ਹੋਣਾ ਵੀ ਬਸ ਤੇਰਾ ਹੈ ਭਰਮ ਜਿਹਾ
ਜੀਣ ਮਰਨ ਦਾ ਭੋਰਾ ਵੀ ਨਾ ਪੈਂਦਾ ਫ਼ਰਕ ਫ਼ਕੀਰਾਂ ਨੂੰ
ਪਾਕ ਮੁਹੱਬਤ ਦੀ ਮੰਜ਼ਿਲ ’ਤੇ ਪਹੁੰਚੇਗਾ ਉਹ ਖ਼ਾਕ ਭਲਾ
ਰਾਹ ਵਿਚ ਵੇਖੇ ਜੋ ਤਲੀਆਂ ’ਤੇ ਬਣੀਆਂ ਚੰਦ ਲਕੀਰਾਂ ਨੂੰ
ਚੱਲ ‘ਅਮਰ’ ਏਥੋਂ ਤੁਰ ਚੱਲੀਏ ਏਥੇ ਰਹਿਣਾ ਮੁਸ਼ਕਿਲ ਹੈ
ਏਸ ਨਗਰ ਦੇ ਵਿਚ ਤਾਂ ਲੋਕੀ ਰਹਿੰਦੇ ਮਾਰ ਜ਼ਮੀਰਾਂ ਨੂੰ