ਅਸਲੋਂ ਹੀ ਸੋਹਲ ਜਿਹੀ ਨਿੱਕੀ ਕੁੜੀਏ
ਮੈਂ ਤੈਨੂੰ ਚੀਚ-ਵਹੁੱਟੀ ਕਹਾਂ
ਜਾਂ ਉੱਡਣਾ ਸਿੱਖ ਰਹੀ ਘੁੱਗੀ
ਤੂੰ ਏਨਾ ਬਣ-ਠਣ ਕੇ ਨਿਕਲਿਆ ਨ ਕਰ
ਤੇ ਮੇਰੇ ਸਣੇ
ਕਿਸੇ ਚੰਦਰੇ ਦੀ ਨਜ਼ਰ ਲਗ ਜਾਵੇ
ਤੂੰ ਜਿੱਥੇ ਵਸਦੀ ਏਂ
ਤੇਰੇ ਸ਼ਹਿਰ ਦਾ ਚਿੜੀਆ-ਘਰ ਨਹੀਂ
ਘਣਾ ਜੰਗਲ ਐ
ਜਿੱਥੇ ਵੱਸਦੇ ਨੇ ਸਾਰੇ ਦੇ ਸਾਰੇ ਆਦਿ-ਮਾਨਵ
ਤੇ ਉਹ ਜਦੋਂ ਬੋਲਦੇ ਨੇ
ਸਿਰਫ਼ ਤੇ ਸਿਰਫ਼, ਖੰਜਰ ਹੀ ਉਗਲਦੇ ਨੇ
ਖਲੋ ਕੇ ਨਿੱਤਰੇ ਪਾਣੀਆਂ ਦੇ ਕੰਢੇ
ਤੂੰ ਚਿਰਾਂ ਤੋੜੀ
ਆਪਣਾ ਅਕਸ ਨ ਵੇਖਿਆ ਕਰ
ਗਹਿਰ ਜੇ ਉੱਗੜ ਆਈ
ਤਾਂ ਘੁਲ ਜਾਵੇਗਾ ਤੇਰਾ ਅਕਸ
ਹਮੇਸ਼ਾਂ ਹਮੇਸ਼ਾਂ ਵਾਸਤੇ ।
ਅਸਲੋਂ ਹੀ ਸੋਹਲ ਜਿਹੀ ਨਿੱਕੀ ਕੁੜੀਏ
ਮੈਂ ਤੈਨੂੰ ਚੀਚ-ਵਹੁਟੀ ਕਹਾਂ
ਜਾ ਉੱਡਣਾ ਸਿੱਖ ਰਹੀ ਘੁੱਗੀ ।