ਮੇਰੀ ਓਟ
ਮੇਰੇ ਸਵਰਗੀ-ਪਿਤਾ
ਕਹਿਣ ਨੂੰ
ਮੈਂ,
ਤੇਰਾ ਵਿਸ਼ਵਾਸੀ ਹਾਂ, ਮੇਰੇ ਮਾਲਕ
ਤੇਰੇ ਨਾਲ
ਮੇਰਾ ਜੋ ਵੀ ਰਿਸ਼ਤਾ ਹੈ
ਉਸ ਦੀ ਬੁਨਿਆਦ ਹੈ ਵਿਸ਼ਵਾਸ
ਹਾਂ, ਮੇਰੇ ਮਾਲਕ
ਨਿਰਾ ਵਿਸ਼ਵਾਸ
ਜੋ ਚਟਾਨ ਵਾਂਗ ਪੱਕਾ ਵੀ ਹੋ ਸਕਦਾ ਹੈ
ਸ਼ੀਸ਼ੇ ਵਾਂਗ ਸੱਚਾ ਵੀ
ਤੇ ਕੱਚ ਵਾਂਗ ਕੱਚਾ ਵੀ
ਮੇਰੇ ਨਜਾਤ-ਦਹਿੰਦਾ
ਮੇਰੇ ਵਿਸ਼ਵਾਸ਼ ਨੂੰ
ਸਲਾਮਤੀ ਬਖਸ਼ੀਂ
ਤੇਰੇ ਹਜ਼ੂਰ
ਇਹ ਮੇਰੀ ਦਿਲੀ ਦੁਆ ਹੈ
ਆਮੀਨ !
ਮੇਰੇ ਪਰਵਰਦਿਗਾਰ ।
ਮੇਰੇ ਵਿੱਚ, ਤੇਰੇ ਜਿਹਾ ਕੁਝ ਵੀ ਨਹੀਂ
ਫਿਰ ਵੀ
ਮੇਰੇ ਉਤੇ ਤੇਰੀ ਰਹਿਮੱਤ ਦਾ ਸਾਇਆ ਹੈ
ਮੈਂ, ਤੇਰਾ ਅਥਾਹ ਰਿਣੀ ਹਾਂ
ਰਬ ਦੇ ਪੁੱਤਰ !
ਤੈਨੂੰ ਰੱਬ ਦਾ ਵਾਸਤਾ
ਤੂੰ ਸਲੀਬ ਤੋਂ ਹੇਠਾਂ ਉਤਰ ਆ
ਤੂੰ ਕਦੋਂ ਤੀਕ ਸਲੀਬ 'ਤੇ
ਲਟਕਿਆ ਰਵੇਂਗਾ ।
ਮੇਰੇ ਗੁਨਾਹ ਬਖਸ਼ਣ ਖ਼ਾਤਿਰ ।
ਮੇਰਾ ਕੀ ਹੈ
ਮੈਂ ਤੇ ਆਪਣੇ ਨਿੱਕੇ-ਨਿੱਕੇ ਸਵਾਰਥਾਂ
ਲਈ ਕੁਝ ਵੀ ਕਰ ਸਕਨਾਂ ਵਾ
ਆਖ਼ਿਰ ਤੂੰ ਕਿੰਨੀ ਵੇਰ
ਮੁੜ-ਮੁੜ ਸਲੀਬ ਦੀ ਮੌਤ ਜਰੇਂਗਾ
ਮੈਨੂੰ ਪਤਾ ਹੈ
ਮੌਤ ਤੇਰਾ ਕੁਝ ਵੀ ਵਿਗਾੜ ਨਹੀਂ ਸਕਦੀ
ਤੇਰੇ ਹੱਥਾਂ-ਪੈਰਾਂ ਦਿਆਂ ਛੇਕਾਂ ਚੋਂ
ਰਿਸਦਾ ਹੋਇਆ ਲਹੂ
ਮੇਰੇ ਲਈ;
ਸਦੀਪਕ ਜੀਵਨ ਦਾ ਚਸ਼ਮਾ ਹੈ
ਮੇਰੀ ਮਿੰਨਤ ਹੈ
ਮੈਨੂੰ ਆਪਣੇ ਪਿੱਛੇ
ਆਪਣੀ ਸਲੀਬ ਆਪ ਚੁੱਕਣ ਦਾ
ਕਿਸੇ ਨਾ ਕਿਸੇ ਤਰਾਂ ਵਲ ਸਿਖਾ ਦੇ
ਕਿ ਮੇਰੇ ਅੰਦਰ
ਸਲੀਬੀ ਮੌਤ ਦੀ ਨਿਮੋਸ਼ੀ
ਤਸੀਹਿਆਂ ਦਾ ਦਰਦ ਸਹਿਣ ਦਾ ਹੌਂਸਲਾ
ਤੇ ਸਭ ਕੁਝ ਸਹਿਕੇ
ਵਿਰੋਧੀਆਂ ਨੂੰ ਮੁਆਫ਼ ਕਰਨ ਦਾ
ਅਹਿਸਾਸ ਪੈਦਾ ਹੋ ਸਕੇ
ਹੇ ! ਅਮਨਪ੍ਰਸਤ
ਸੁਲਾਹ ਦੇ ਸ਼ਹਿਜਾਦੇ
ਮੈਨੂੰ ਆਪਣਾ ਧੀਰਜ ਤੇ ਸਤ
ਅਤਾ ਫ਼ਰਮਾ
ਕਿ ਮੈਂ,
ਤੇਰੀ ਸਾਖੀ ਭਰਨ ਦੇ ਯੋਗ ਹੋ ਸਕਾਂ
ਪਤਾ ਨਹੀ
ਤੂੰ ਮੈਨੂੰ ਪਛਾਣ ਵੀ ਲਿਆ ਹੈ ਕਿ ਨਹੀਂ
ਮੇਰੇ ਪੁੱਭੂ,
ਮੈਂ ਉਹ ਹੀ ਆਂ
ਜਿਸ ਨੇ ਤੇਰੀ ਦੋਸਤੀ ਨੂੰ ਸਿਰਫ਼
ਚਾਂਦੀ ਦੇ ਤੀਹ ਸਿੱਕਿਆਂ 'ਚ ਵੇਚ ਛਡਿਆ ਸੀ
ਤੈਨੂੰ ਮੇਰੀ ਕਮਜ਼ੋਰੀ ਦਾ
ਭਲੀ-ਭਾਂਤ ਪਤਾ ਵੀ ਸੀ
ਫਿਰ ਵੀ
ਤੇ ਦੋਸਤੀ ਵਿੱਚ ਡਿੱਕ ਨਹੀਂ ਸੀ ਪੈਣ ਦਿੱਤੀ
ਸਗੋਂ ਹਮੇਸ਼ਾ ਵਾਂਗ
ਇਕੋ ਥਾਲੀ 'ਚ ਰੋਟੀ ਖਾਦੀ ਸੀ ।
ਮੈਂ,
ਤੇਰੇ ਇਮਤਿਹਾਨ ਦੀਆਂ ਘੜੀਆਂ 'ਚ
ਤੇਰਾ ਸਾਥ ਤਾਂ ਛੱਡ ਹੀ ਗਿਆ
ਸਗੋਂ ਇਥੋਂ ਤੀਕ
ਕਿ ਤੇਰੇ ਨਾਲ ਆਪਣੇ
ਰਿਸ਼ਤੇ ਤੋਂ ਮੁਨਕਰ ਵੀ ਹੋ ਗਿਆ
ਤੈਨੂੰ ਫਾਹੇ ਲਾਉਣ ਲਈ
ਜਿੱਦ ਕਰਨ ਵਾਲਿਆਂ ਵਿੱਚ
ਮੈਂ ਵੀ ਤਾਂ ਸ਼ਾਮਿਲ ਸਾਂ
ਇਹ ਸਾਰਾ ਕੁਝ ਜਾਣਦਿਆਂ ਹੋਇਆਂ
ਤੂੰ
ਮੈਨੂੰ ਆਪਣੇ ਗਲ ਨਾਲ
ਕਿਵੇਂ ਲਾਈ ਫਿਰਨਾ ਏਂ
ਮੈਂ
ਜੋ ਆਪਣੇ
ਅਣਗਿਣਤ ਗੁਨਾਹਾਂ ਦੇ ਭਾਰ ਹੇਠ
ਰੀਂਗ ਰਿਹਾ ਹਾਂ
ਫਿਸ ਰਿਹਾ ਹਾਂ
ਤੂੰ
ਮੇਰਾ ਸਾਰਾ ਭਾਰ
ਆਪ ਚੁੱਕਣ ਵਾਸਤੇ
ਝੱਟ-ਪੱਟ ਤਿਆਰ ਹੋ ਬੈਠਾ ਏਂ ?
ਇਹ ਤੇਰਾ
ਅਜੀਬ ਕਿਸਮ ਦਾ ਪਿਆਰ ਹੈ
ਜਿਸ ਦੀਆਂ ਛੱਲਾਂ ਸੰਗ
ਗੱਲਵਕੜੀਆਂ ਪਾ-ਪਾ ਖੇਡਣ ਦਾ
ਆਪਣਾ ਹੀ ਸੁਆਦ ਹੈ
ਹੁਣ
ਮੈਂ ਪੂਰੀ ਤਰਾਂ
ਤੇਰੀ ਬੇਪਨਾਹ ਮੁਹੱਬਤ ਦੇ
ਸਾਗਰ ਵਿੱਚ ਸਰਸ਼ਾਰ ਹਾਂ
ਤੂੰ ਵਾਕਿਆ ਈ
ਬਖਸ਼ਣਹਾਰ ਹੈਂ
ਮੈਂ ਭੁੱਲਣਹਾਰ ।
ਲੋਕ
ਜੋ ਤੈਨੂੰ ਨਿੱਜੀ ਮਲਕੀਅਤ ਸਮਝਦੇ ਨੇ
ਇਕ ਕਿਤਾਬ ਸਮਝਦੇ ਨੇ
ਇਕ ਚਿੰਨ੍ਹ ਸਮਝਦੇ ਨੇ
ਤੂੰ ਉਨ੍ਹਾਂ ਦੀ ਗ੍ਰਿਫ਼ਤ ਵਿਚੋਂ
ਬਾਹਰ ਕਿਉਂ ਨਹੀਂ ਆ ਜਾਂਦਾ
ਮੈਂ,
ਦੋਸਤਾਂ ਸੰਗ
ਤੇਰਾ ਰਾਹ ਤਿਆਰ ਕਰਣ ਦੇ
ਆਹਰ ਵਿੱਚ ਰੁੱਝਣਾ ਚਾਹੁੰਦਾ ਹਾਂ
ਲੋਕ
ਜੋ ਤੈਨੂੰ ਵੰਡੀਆਂ ਵਿੱਚ
ਵੰਡੀ ਤੁਰੇ ਜਾ ਰਹੇ ਹਨ
ਐਨ ਉਸੇ ਤਰਾਂ
ਜਿਵੇਂ ਤੇਰੀ ਮੌਤ ਦੇ
ਛੜਯੰਤਰ ਸਮੇਂ
ਕੁੱਰਾ ਪਾ ਕੇ ਵੰਡਿਆ ਸੀ
ਤੇਰੇ ਤਨ ਦਾ ਚੋਲਾ
ਲੋਕ
ਜੋ ਤੇਰੇ
ਦਾਵੇਦਾਰ ਬਣੇ ਫਿਰਦੇ ਨੇ
ਤੇਰੇ ,
ਆਪਣੇ ਹੋਣ ਦਾ ਭਰਮ ਪਾਲੀ ਫਿਰਦੇ ਨੇ
ਤੈਨੂੰ
ਭੋਰਾ-ਭੋਰਾ ਕਰਕੇ
ਵੇਚਣਾ ਚਾਹੁੰਦੇ ਨੇ
ਆਪਣੇ ਨਿੱਕੇ-ਨਿੱਕੇ
ਮੁਫਾਦਾਂ ਕਰਕੇ
ਤੂੰ
ਉਨ੍ਹਾਂ ਦੀਆਂ ਅੱਖਾਂ ਦੇ ਪਰਦੇ
ਹਟਾ ਕਿਉਂ ਨਹੀਂ ਦੇਂਦਾ ।
ਏਸ ਤੋਂ ਪਹਿਲਾਂ
ਮੇਰੇ ਤੋਂ ਕੋਈ ਗੁਸਤਾਖੀ ਹੋ ਜਾਵੇ
ਤੂੰ
ਆਪ ਹੀ ਉਨ੍ਹਾਂ ਨੂੰ
ਸਮਝਦਾਰੀ ਦੀਆਂ ਮਿਸ਼ਾਲਾਂ ਦੇ
ਕਿਉਂ ਜੋ ਤੈਨੂੰ
ਨਵੇਂ ਸਿਰਿਓਂ
ਫੇਰ ਸਲੀਬ ਤੇ ਚੜ੍ਹਨਾ ਨਾ ਪਵੇ
ਮੈਥੋਂ ਹੋ ਜਾਣ ਵਾਲੇ ਗੁਨਾਹਾਂ ਬਦਲੇ ।