ਵਕਤ ਬਨਾਮ ਵਕਤ

ਚਿੰਤਾਵਾਂ ਦੀ ਸਲੀਬ ਤੇ ਲਟਕਿਆ 

ਮੈਂ ਆਦਿ ਕਾਲ ਤੋਂ ਹੀ 

ਵਕਤ ਨੂੰ ਮੁਆਫ਼ ਕਰਦਾ ਰਿਹਾ ਹਾਂ 

ਵਕਤ ਭਲਾ ਹੈ ਕੀ

ਤੁਹਾਥੋਂ ਪੁੱਛਿਆ ਤਾਂ ਸਿਰਫ ਹੱਸ ਛੱਡਗੇ 

ਉਂਜ ਵਕਤ ਬੜੀ ਨਾਮੁਰਾਦ ਸ਼ੈਅ ਦਾ ਨਾਂ ਹੈ

ਜੋ ਕਦੇ ਮਰਦਾ ਨਹੀਂ 

ਸਿਰਫ ਆਪਣੇ ਨਾਂਓ ਬਦਲਦਾ ਹੈ 

ਵਕਤ ਜੋ ਵਰਤਮਾਨ ਦੇ ਸਿਆੜਾਂ 'ਚ 

ਭਵਿੱਖ ਦੇ ਬੀਆਂ ਦਾ ਛੱਟਾ ਦੇਂਦਾ ਹੈ 

ਇਕ ਅਸਲੋਂ ਹੀ ਚੰਦਰੀ ਸ਼ੈਅ ਦਾ ਨਾਂ ਹੈ 

ਪਰ 

ਤੁਸੀਂ ਇੰਜ ਕਿੱਥੇ ਮੰਨੋਗੇ 

ਜਿੰਨੀ ਦੇਰ ਪੀੜਾ ਦੀ ਸਰਦਲ ਤੇ ਪੈਰ ਹੀ ਨਹੀਂ ਧਰਦੇ 

ਤੇ ਵਕਤ ਦੀ ਦਸਤਕ ਦਾ ਸਿਰਨਾਵਾਂ ਹੀ ਨਹੀਂ ਪੜ੍ਹਦੇ 

ਮੇਰੇ ਪੈਰਾਂ ਵਿਚ ਭੂਤ ਦੇ ਕਿੱਲ ਨੇ 

ਹੱਥਾਂ ਚੋਂ ਵਰਤਮਾਨ ਕਿਰਦਾ ਹੈ 

ਤੇ ਸਿਰ 'ਚ ਭਵਿੱਖ ਛੱਲਕਦਾ ਹੈ

ਤੁਸੀਂ ਜੇ ਮੇਰੇ ਮੁਰਦਾ ਹੋਣ ਦੀ ਅਜ਼ਮਾਇਸ਼ ਵੱਜੋਂ 

ਕੁੱਝ ਪੁੱਛੋਗੇ

ਤਾਂ ਜੁਗਾ ਤੋਂ ਲੱਗੀ ਭੁੱਖ 

ਤੁਹਾਡੀ ਝੋਲੀ 'ਚ ਟਪਕੇਗੀ

ਖੈਰ ! ਛੱਡੋ ਤੁਸੀਂ ਇੰਜ ਕਿੱਥੇ ਮੰਨੋਗੇ 

ਤੁਸੀਂ ਜੋ ਵਕਤ ਦੀ ਪੱਸਰੀ ਧੁੰਦ ਅੱਗੇ 

ਸਿਰਫ ਅੱਖਾਂ ਹੀ ਝੱਮਕ ਛੱਡਦੇ 

ਇੰਜ ਕਿੱਥੇ ਮੰਨੋਗੇ 

ਤੁਸੀਂ ਜੋ ਸ਼ਹਿ ਲਾਈ ਬੈਠੇ ਵਕਤ ਨੂੰ 

ਮਹਿਜ਼ ਕਿਸੇ ਬੀਬੇ ਕਬੂਤਰ ਹੋਣ ਦੇ ਭਰਮ 'ਚ ਹੋ 

ਤੁਹਾਨੂੰ ਕੀ ਪਤਾ ਵਕਤ ਬਾਜ਼ ਦੀ ਗੰਧਲੀ ਅੱਖ ਹੈ !

📝 ਸੋਧ ਲਈ ਭੇਜੋ