ਯਾਰ ਦਾ ਵਿਦਵਾਨ ਹੋਣਾ ਰੋਗ ਬਣ ਕੇ ਰਹਿ ਗਿਆ
ਪਿਆਰ ਮੇਰਾ ਵੀ ਉਦ੍ਹਾ ਪ੍ਰਯੋਗ ਬਣ ਕੇ ਰਹਿ ਗਿਆ
ਲਾਸ ਰੂਹ ’ਤੇ ਤਿਤਲੀਆਂ ਦੀ ਬੇਵਫ਼ਾਈ ਪਾ ਗਈ
ਮਾਸ ਦਿਲ ਦਾ ਧੋਖਿਆਂ ਦੀ ਚੋਗ ਬਣ ਕੇ ਰਹਿ ਗਿਆ
ਉਹ ਮਿਲੇ ਪਰ ਮਿਲਦਿਆਂ ਹੀ ਅਲਵਿਦਾ ਆਖੀ ਉਨ੍ਹਾਂ
ਪਲ ਖ਼ੁਸ਼ੀ ਦਾ ਉਮਰ ਭਰ ਦਾ ਸੋਗ ਬਣ ਕੇ ਰਹਿ ਗਿਆ
ਤੋੜ ਕੇ ਵਿਸ਼ਵਾਸ ਵੀ ਕਰਦੇ ਤਰੱਕੀ ਉਹ ਗਏ
ਮੈਂ ਉਸੇ ਥਾਂ ’ਤੇ ਭਰੋਸੋਯੋਗ ਬਣ ਕੇ ਰਹਿ ਗਿਆ
ਇਸ਼ਕ ਦਾ ਕੀ ਹੈ ਕਦੇ ਤਾਂ ਜੰਡ ਹੇਠਾਂ ਮਰ ਗਿਆ
ਹੋ ਗਿਆ ਜੋਗੀ ਕਦੇ ਤੇ ਜੋਗ ਬਣ ਕੇ ਰਹਿ ਗਿਆ