ਯਾਦਾਂ ਤੇਰੀਆਂ ਨੇ ਡਾਰਾਂ

ਯਾਦਾਂ ਤੇਰੀਆਂ ਨੇ ਡਾਰਾਂ ਬੰਨ੍ਹ ਆਉਦੀਆਂ

ਵੇ ਤੇਰੀ ਕੋਈ ਸੋਅ ਪਵੇ

ਤੂੰ ਤੇ ਬਹਿ ਗਿਓਂ ਦੁਮੇਲਾਂ ਕੋਲ ਜਾ ਕੇ

ਵੇ ਸਾਡੀ ਕਿਹੜਾ ਸਾਰ ਜੋ ਲਵੇ

ਦਮਾਂ ਦੀਆਂ ਚਮਕਾਂ ਨੇ ਤੈਨੂੰ ਭਰਮਾ ਲਿਆ

ਛੱਡ ਗਿਓਂ ਜੀਣ ਦੇ ਵਿਹਾਰ ਵੇ

ਅੱਲੜੀ ਵਰੇਸ ਨੇ ਕਰਾਰ ਜਿਹੜੇ ਕੀਤੜੇ ਸੀ

ਤੋੜ ਗਿਓਂ ਅੱਧ-ਵਿਚਕਾਰ ਵੇ

ਮੋਹ ਦੀਆਂ ਛਿਲਤਾਂ ਕਲੇਜੇ ਧੁਹ ਪਾਉਂਦੀਆਂ

ਜਦ ਤਾਈਂ ਜੂਨ ਇਹ ਰਵ੍ਹੇ

ਸਾਗਰਾਂ ਤੋਂ ਪਾਰ ਦੇ ਸੁਨਹਿਰੀ ਸੋਨ-ਸੁਪਨੇ

ਸੀਨੇ ਵਿਚ ਸੈ ਭਾਵੇਂ ਚਾਅ ਵੇ

ਅੰਮੜੀ ਦੇ ਦੇਸ਼ ਦਾ ਨਹੀਂ ਕਿਤੇ ਵੀ ਮੁਕਾਬਲਾ

ਫ਼ੱਕਰਾਂ ਦੇ ਬੋਲ ਅਜ਼ਮਾ ਵੇ

ਮਾਂ ਤੇ ਮਤੇਈ ਵਿਚੋਂ ਲੀਕ ਜਦੋਂ ਮਿਟ ਜਾਵੇ

ਸੁਰਗਾਂ ਦੀ ਝਾਤ ਵੀ ਪਵੇ

ਮੁੜ ਕੇ ਨਹੀਂ ਹੋਣਾ ਤੈਥੋਂ ਪਰਦੇਸੀਆ!

ਕੱਚ ਦੀਆਂ ਵੰਗਾਂ ਜਿਹੇ ਕਰਾਰ ਵੇ

ਸੱਧਰਾਂ ਦੇ ਰੰਗ ਸਤਰੰਗੀ ਪੀਂਘ ਵਰਗੇ

ਪਲਕਾਂ 'ਚ ਭਰਦੇ ਖ਼ੁਮਾਰ ਵੇ

ਰੁੱਖਾਂ ਕੋਲ ਛਾਵਾਂ ਚੰਨਾ ਠੰਡੀਆਂ ਤੇ ਮਿਠੀਆਂ ਵੇ!

ਸਿਰਾਂ ਉਤੇ ਤਪਦੇ ਤਵੇ

ਦੁੱਧ-ਚਿੱਟੀ ਚਾਨਣੀ 'ਚ ਚੰਨ ਦਾ ਕਟੋਰਾ ਸਦਾ

ਮਹਿਕ-ਭਿੰਨੀ ਵੰਡਦਾ ਸਰੂਰ ਵੇ

ਪੱਛੋਂ ਦੀਆਂ ਪੌਣਾਂ ਕੋਲੋਂ ਲੰਘ ਲੰਘ ਜਾਂਦੀਆਂ

ਮਿੱਠੀ ਮਿੱਠੀ ਬੱਦਲਾਂ ਦੀ  ਭੂਰ ਵੇ

ਸੋਚਾਂ ਦੇ ਸਰਾਣੇ ਬਹਿ ਕੇ ਅਉਧ ਮੁਕ ਚੱਲੀ

ਮੰਦਾ ਕੀਹਨੂੰ ਜਿੰਦ ਇਹ ਕਵੇ

📝 ਸੋਧ ਲਈ ਭੇਜੋ