ਯੱਯਾ ਕਹੇ ਸਾਰਾ ਹੁੱਸਨ ਰੂਪ ਤੇਰਾ, ਤੈਨੂੰ ਨਾਲ ਫ਼ਰੇਬ ਦੇ ਠੱਗ ਰਿਹਾ।

ਦਿੱਤਾ ਰੱਬ ਉਸਾਰ ਸਰੀਰ ਮੰਦਰ, ਵਿੱਚ ਰੂਹ ਦਾ ਦੀਵੜਾ ਜੱਗ ਰਿਹਾ। 

ਤੈਨੂੰ ਕਾਸ ਦੇ ਵਾਸਤੇ ਘੱਲਿਆ ਸੀ, ਕਿਹੜੇ ਕੰਮ ਤੂੰ ਮੂਰਖਾ ਲੱਗ ਰਿਹਾ

ਨਹੀ ਬੋਲਿਆਂ ਸੁਣੇ ਆਵਾਜ਼ ਕੰਨੀਂ, ਸਾਰੇ ਢੋਲ ਹੈ ਮੌਤ ਦਾ ਵੱਜ ਰਿਹਾ। 

ਕੋਈ ਆਂਵਦਾ ਤੇ ਕੋਈ ਜਾਂਵਦਾ ਏ, ਰਸਤਾ ਵਾਂਗ ਬਜ਼ਾਰ ਦੇ ਵੱਗ ਰਿਹਾ। 

ਵਾਹ-ਵਾਹ ਕੀ ਅਜਬ ਖ਼ਿਆਲ ਬਣਿਆ, ਕੋਈ ਖੜ੍ਹਦਾ ਤੇ ਕੋਈ ਭੱਜ ਰਿਹਾ। 

ਕਰੇ ਕਈਆਂ ਨੂੰ ਨਸ਼ਰ ਜਹਾਨ ਉੱਤੇ, ਪੜਦੇ ਕਈਆਂ ਦੇ ਮਾਲਕਾ ਕੱਜ ਰਿਹਾ। 

ਸੱਭੋ ਮੰਗਤਾ ਇਕ ਦਰਬਾਰ ਦਾ ਏ, ਕੋਈ ਭੁੱਖੜਾ ਤੇ ਕੋਈ ਰੱਜ ਰਿਹਾ। 

ਕੋਈ ਆਣ ਜਹਾਨ ਮੁਕਾਮ ਕਰਦਾ, ਕੋਈ ਭਾਰ ਜਹਾਨ ਤੋਂ ਲੱਦ ਰਿਹਾ।

ਦਯਾ ਸਿੰਘ ਬਲਿਹਾਰ ਮੈਂ ਕੁਦਰਤਾਂ ਤੋਂ, ਕਿਤੇ ਵਰਸਦਾ ਤੇ ਕਿਤੇ ਗੱਜ ਰਿਹਾ। 

📝 ਸੋਧ ਲਈ ਭੇਜੋ