ਯੱਯਾ ਯਾਰ ਜਾਣੀਂ ਇੱਕ ਰੱਬ ਸੱਚਾ, ਝੂਠੀ ਜੱਗ ਦੀ ਛੋਡ ਪਰੀਤ ਬੰਦੇ ।
ਜਨ ਪਿਸਰ ਬਰਾਦਰ ਕਸ ਨੇਸਤ, ਕਰੀਂ ਦਿਲ ਦੇ ਵਿੱਚ ਤਹਕੀਕ ਬੰਦੇ ।
ਸੋਚ ਮੂਰਖਾ ਰਹਿ ਗਿਆ ਦੂਰ ਪਿੱਛਾ, ਆਇਆ ਮੌਤ ਦਾ ਦਿਨ ਨਜੀਕ ਬੰਦੇ।
ਨਾਮ ਦਾਨ ਸਤਸੰਗ ਮਹਾਤਮਾ ਦਾ, ਕਰੀਂ ਅੱਜ ਨ ਭਲਕ ਉਡੀਕ ਬੰਦੇ।
ਰਾਮ-ਨਾਮ ਜਮਾਤ ਪੜ੍ਹਾਂਵਦੇ ਹੈਂ, ਮੰਗਣ ਸੰਤ ਪਰੇਮ ਦੀ ਫ਼ੀਸ ਬੰਦੇ।
ਸਰਬ ਜੂਨ ਚੋਂ ਮਾਨਸ ਜਨਮ ਉੱਤਮ, ਬਿਨਾਂ ਬੰਦਗੀ ਜਾਣ ਪਲੀਤ ਬੰਦੇ ।
ਬਿਨਾਂ ਨਾਮ ਤੋਂ ਅੰਤ ਨੂੰ ਝੂਰਨਾ ਈ, ਮੇਰੀ ਗੱਲ ਦੀ ਕਰੀਂ ਪ੍ਰਤੀਤ ਬੰਦੇ।
ਨਾਮ ਰੱਬ ਦੇ ਦੀ ਮੰਦ ਮਤੀ ਪਾਸੋਂ, ਮੈਥੋਂ ਹੋਂਵਦੀ ਨਾਹੀਂ ਤਾਰੀਫ਼ ਬੰਦੇ।
ਹੋਵੇ ਕਲਮ ਬਣਾਇ ਬਸਦ ਕਾਗਤ, ਅਤੇ ਸੱਤ ਸਮੁੰਦ ਸ਼ਾਹੀਸ ਬੰਦੇ ।
ਹੋਵੇ ਪੌਣ ਲਿਖਾਰੀਨਾ ਲਿਖ ਸਕੇ, ਭਾਵੇਂ ਹਰਫ਼ ਵੀ ਹੋਣ ਬਰੀਕ ਬੰਦੇ।
ਵਿੱਚ ਚਿੱਤ ਦੇ ਨਾਮ ਨੂੰ ਜਪਦਿਆਂ ਤੋਂ, ਹੋਵੇ ਦੁੱਖ ਨ ਪੀੜ ਤਕਲੀਫ਼ ਬੰਦੇ।
ਮੁਸਲਮਾਨ ਸੋਈ ਮੌਲਾ ਯਾਦ ਰੱਖੇ, ਹਰ-ਹਰ ਕਰੇ ਹਰਦਮ ਹਿੰਦੂ ਠੀਕ ਬੰਦੇ।
ਧਨ ਮੁੱਖ ਜੋ ਰਾਮ-ਰਹੀਮ ਉਚਾਰੇ, ਸਜਦਾ ਕਰੇ ਸੋ ਧੰਨ ਹੈ ਸੀਸ ਬੰਦੇ।
ਦਿਲ ਦਾ ਸਿਜਦਾ ਰੱਬ ਨੂੰ ਸੁਣੇਂ ਕੰਨੀਂ, ਖ਼ੁਸ਼ੀ ਮਾਰ ਤੂੰ ਬਾਂਗ ਦੀ ਚੀਕ ਬੰਦੇ।
ਉਜੂ ਕੀਤਿਆਂ ਪਾਕ ਨਾ ਹੋਵਣਾ ਜੇ, ਮੈਲਾ ਜਿਨ੍ਹਾਂ ਦਾ ਰਿਦਾ ਪਲੀਤ ਬੰਦੇ।
ਮੱਕੇ ਗਿਆ ਨ ਹੱਜ ਕਬੂਲ ਹੋਵੇ, ਖੋਟੀ ਜਿਨ੍ਹਾਂ ਦੀ ਅੰਦਰੋਂ ਨੀਤ ਬੰਦੇ।
ਏਹੀ ਜਾਨ ਮਸਜਦ ਦਿਲ ਵਿੱਚ ਕਾਤ, ਖ਼ੁਸ਼ੀ-ਖੁਸ਼ੀ ਵੜੀਂ ਤੂੰ ਵਿੱਚ ਮਸੀਤ ਬੰਦੇ।
ਉਲਫ਼ਤ ਦਿਲ ਦੀ ਨਾਲ ਜੇ ਪੜ੍ਹੇ ਹਰਦਮ, ਇਕੋ ਅਲਫ਼ਦੇ ਹਰਫ਼ ਹੀ ਠੀਕ ਬੰਦੇ।
ਜੇਕਰ ਦਿਲੋਂ ਨੇ ਇਲਮ ਤੇ ਅਮਲ ਕੀਤਾ, ਹਿਫ਼ਜ਼ ਕੀ ਕੁਰਾਨ ਸ਼ਰੀਫ ਬੰਦੇ ।
ਜਿਹੜੇ ਜਿੱਤ ਗਏ ਸੋਈ ਹਾਰ ਗਏ, ਹਾਰ ਗਏ ਸੋ ਹੈ ਜੀਤ ਬੰਦੇ ।
ਇਕੋ ਨੂਰ ਸਰਬਤ ਮੇਂ ਨਜ਼ਰ ਆਵੇ, ਨਹੀਂ ਦਿਸਦਾ ਊੱਚ ਤੇ ਨੀਚ ਬੰਦੇ।
ਨਹੀਂ ਰੂਹਾਂ ਦੀ ਜਾਤ ਸਫ਼ਾਤ ਕੋਈ, ਅਤੇ ਰਾਮ-ਰਹੀਮ ਹੈ ਈਕ ਬੰਦੇ।
ਦੁੱਖ ਦੇਖ ਸ਼ਿਰਕਤਾਂ ਮੰਨ ਬੈਠਾ, ਜੈਸੀ ਆਗਿਆ ਮਜਲਸ ਬੀਚ ਬੰਦੇ ।
ਓਸਨੂੰ ਛੱਤਰੀ-ਬੰਸ ਨਾ ਸਮਝਣਾ ਜੇ, ਕਰੇ ਕਰਮ ਜੇ ਨੀਚ ਭਰੀਸ਼ ਬੰਦੇ।
ਕਿਸੇ ਵਕਤ ਵੀ ਨੇਕ ਨਾ ਅਮਲ ਕੀਤੇ, ਗਈ ਉਮਰ ਉਪਾਧੀਆਂ ਬੀਚ ਬੰਦੇ।
ਨਹੀਂ ਕਲ੍ਹ ਨੂੰ ਮੂਰਖਾ ਹੱਥ ਆਵੇ, ਗਿਆ ਅੱਜ ਦਾ ਰੋਜ਼ ਜੋ ਬੀਤ ਬੰਦੇ।
ਨੇਕ ਅਮਲ ਕਰਨਾ ਸੋਈ ਅੱਜ ਕਰਲੈ, ਰੱਖੀਂ ਕਾਲ ਦੀ ਕਲ੍ਹ ਉਡੀਕ ਬੰਦੇ।
ਫੇਰ ਰੋਵੇਂਗਾ ਜ਼ਾਰ-ਪੁਰ-ਜ਼ਾਰ ਕਰਕੇ, ਵੱਜੀ ਕਾਲ ਦੀ ਧੌਲ ਜਦ ਸੀਸ ਬੰਦੇ।
ਚੋਰ ਵਾਂਗਰਾਂ ਪਕੜ ਲੈ ਜਾਨ ਤੈਨੂੰ, ਜਮ ਔਣਗੇ ਵਾਂਗ ਪੁਲੀਸ ਬੰਦੇ ।
ਏਸ ਕਹਿਰ ਤੇ ਮੌਤ-ਮੁਕਦਮੇਂ ਦੀ, ਹੋਜੂ ਕੈਦ ਨ ਪਊ ਤਰੀਕ ਬੰਦੇ।
ਡੂੰਘੇ ਏਸ ਸਾਗਰ-ਸੰਸਾਰ ਵਿਚੋਂ, ਕੋਈ ਤਰਨਗੇ ਪੁਰਸ਼ ਪੂਜਨੀਕ ਬੰਦੇ।
ਟਿੱਬੇ ਵਾਂਗ ਸਰਬਤ ਨੇ ਰਹਿਣ ਖ਼ਾਲੀ, ਜਿਹੜੇ ਵੱਡੇ ਕਹੌਣ ਰਈਸ ਬੰਦੇ।
ਫ਼ਰਕ ਮਨ ਹੈ ਜਿਨ੍ਹਾਂ ਦਾ ਨਾਮ ਰੱਤਾ, ਸੋਈ ਵਿੱਚ ਗਰਿਸਤ ਅਤੀਤ ਬੰਦੇ।
ਰਾਮ-ਨਾਮ ਦੇ ਜਪਦਿਆਂ ਦਿਨ ਜਾਵੇ, ਚੰਗੀ ਦਾਤਾਰ ਤੋਂ ਮੰਗ ਲਈ ਭੀਖ ਬੰਦੇ।
ਦੇਵਾ ਸਿੰਘਾ ਕਿਤਾਬ ਨੂੰ ਠੱਪ ਬੈਠੇ, ਜਿਨ੍ਹਾਂ ਸਮਝੀ ਗੱਲ ਹਰੀਕ ਬੰਦੇ ।