ਸੰ. ਸ਼੍ਤੋਤ੍ਰ. ਸੰਗ੍ਯਾ- ਉਸਤਤਿ. ਤਾਰੀਫ਼। ਪ੍ਰਸ਼ੰਸਾ। ੨. ਉਸਤਤਿ ਦਾ ਛੰਦ. ਦੇਖੋ, ਸ੍ਤ. ਪੰਜਾਬੀ ਵਿੱਚ ਇਸ ਦਾ ਉੱਚਾਰਣ ਅਸਤੋਤ੍ਰ ਭੀ ਹੈ.
ਸੰ. उष्ण- ਉਸ੍ਣ. ਵਿ- ਤੱਤਾ. ਗਰਮ। ੨. ਸੰਗ੍ਯਾ- ਗਰਮ ਰੁੱਤ. ਗਰਮੀ. ਗ੍ਰੀਖਮ. "ਉਸਨ ਸੀਤ ਕਰਤਾ ਕਰੈ" (ਬਿਲਾ ਮ ਃ ੫) ੩. ਗਠਾ. ਪਿਆਜ਼. ਰੁੱਪਾ। ੪. ਪੁਰਾਣਾਂ ਅਨੁਸਾਰ ਇੱਕ ਖ਼ਾਸ ਨਰਕ ੫. ਅਗਨਿ। ੬. ਸੂਰਜ। ੭. ਫੁਰਤੀਲਾ। ਆਲਸ ਰਹਿਤ। ਦੇਖੋ, ਉਸ ੩.
ਸ. उष्णक. ਵਿ- ਫਰਤੀਲਾ. ਚਾਲਾਕ। ੨. ਗਰਮ ਕਰਨ ਵਾਲਾ. ਤਾਪਕ
ਸੰ. उष्णताप. ਉਸ੍ਣਤਾਪ. ਸੰਗ੍ਯਾ- ਪਿੱਤਜ਼ਰ ਗਰਮੀ ਤੋਂ ਹੋਇਆ ਤਾਪ, ਪਿੱਤ ਦੇ ਵਿਕਾਰ ਤੋਂ ਹੋਇਆ ਬੁਖਾਰ [صفرادی حُمی] Bilious fever ਮੇਦੇ ਅਤੇ ਜਿਗਰ ਵਿੱਚ ਵਿਕਾਰ ਹੋਣ ਤੋਂ ਸਰੀਰ ਦੀ ਕੁਦਰਤੀ ਗਰਮੀ ਆਪਣੀ ਮਰਯਾਦਾ ਤੋਂ ਲੰਘਕੇ ਲਹੂ ਵਿੱਚ ਜੋਸ਼ ਪੈਦਾ ਕਰ ਦਿੰਦੀ ਹੈ, ਜਿਸਤੋਂ ਖੂਨ ਤਪ ਜਾਂਦਾ ਹੈ, ਨੇਤ੍ਰਾਂ ਵਿੱਚ ਦਾਹ ਹੁੰਦਾ ਹੈ, ਨੀਂਦ ਨਹੀਂ ਆਉਂਦੀ, ਮੂੰਹ ਕੰਠ ਨੱਕ ਵਿੱਚ ਸੋਜ ਅਥਵਾ ਜਲਨ ਨਾਲ ਖੁਸ਼ਕੀ ਹੁੰਦੀ ਹੈ, ਜੀ ਮਤਲਾਉਂਦਾ ਹੈ, ਮੂੰਹ ਦਾ ਸੁਆਦ ਕੌੜਾ ਹੁੰਦਾ ਹੈ, ਪੇਸ਼ਾਬ ਦਾ ਰੰਗ ਬਹੁਤ ਪੀਲਾ ਹੋ ਜਾਂਦਾ ਹੈ, ਪਿਆਸ ਬਹੁਤ ਲੱਗਦੀ ਹੈ ਅਤੇ ਸਿਰ ਪੀੜ ਹੰਦੀ ਹੈ।#ਇਸ ਰੋਗ ਵਿੱਚ ਪਹਿਲਾਂ ਕਬਜ ਹਟਾਉਣ ਦਾ ਯਤਨ ਕਰਨਾ ਚਾਹੀਏ, ਫੇਰ ਕੜੂ, ਨਾਗਰਮੋਥਾ, ਇੰਦ੍ਰ ਜੌਂ, ਕਾਯਫਲ, ਪਾਠਾ, ਇਹ ਦਵਾਈਆਂ ਸਭ ਬਰੋਬਰ ਲੈ ਕੇ ਬਰੀਕ ਕੁੱਟਕੇ, ਪਾਉ ਭਰ ਪਾਣੀ ਵਿੱਚ ਇੱਕ ਤੋਲਾ ਪਾਕੇ ਉਬਾਲ ਲਈਏ, ਜਦ ਅੱਧਾ ਪਾਣੀ ਰਹਿ ਜਾਵੇ ਤਾਂ ਇਕ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਰੋਗੀ ਨੂੰ ਪਿਲਾਉਣ ਤੋਂ ਉਸਨਤਾਪ ਦੂਰ ਹੋ ਜਾਂਦਾ ਹੈ।#ਅਥਵਾ- ਪਿੱਤਪਾਪੜਾ, ਬਾਂਸਾ, ਕੜੂ, ਚਰਾਇਤਾ, ਧਨੀਆਂ, ਮਹਿੰਦੀ, ਇੱਕੋ ਜਿਤਨੀਆਂ ਕੁੱਟਕੇ ਸਵਾ ਤੋਲਾ ਲੈ ਕੇ ਪਾਉ ਪਾਣੀ ਵਿਚ ਉਬਾਲਾ ਦੇਕੇ ਅੱਧਾ ਪਾਣੀ ਰਹਿਣ ਤੋਂ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਪਿਆਉਣਾ ਗੁਣਕਾਰੀ ਹੈ.#ਉਸਨਤਾਪ ਵਿੱਚ ਸ਼ਰਬਤ ਆਲੂਬੁਖਾਰਾ, ਸ਼ਰਬਤ ਇਮਲੀ, ਸ਼ਰਬਤ ਬਨਫਸ਼ਾ ਅਤੇ ਸ਼ਰਬਤ ਨੀਲੋਫਰ ਵਰਤਣੇ ਹੱਛੇ ਹਨ. ਇਸ ਰੋਗ ਵਾਲੇ ਨੂ ਗਰਮ ਮਸਾਲੇ, ਗਰਮ ਅਚਾਰ ਅਤੇ ਸ਼ਰਾਬ ਆਦਿ ਤੋਂ ਬਚਣਾ ਚਾਹੀਏ. "ਸੀਤਲ ਜ੍ਵਰ ਅਰੁ ਉਸਨਤਾਪ ਭਨ। ਛਈ ਰੋਗ ਅਰੁ ਸੰਨਿਪਾਤ ਗਨ॥" (ਚਰਿਤ੍ਰ ੪੦੫) ੨. ਧੁੱਪ ਅਤੇ ਗਰਮੀ ਤੋਂ ਹੋਇਆ ਤਾਪ ਭੀ ਉਸਨਤਾਪ ਸੱਦੀਦਾ ਹੈ. Sun- stroke.
ਸੰ. उशना- ਉਸ਼ਨਾ. ਕ੍ਰਿ. ਵਿ- ਖੁਸ਼ੀ ਨਾਲ। ੨. ਛੇਤੀ. ਫ਼ੌਰਨ। ੩. ਸੰਗ੍ਯਾ- उशनसृ. ਸ਼ੁਕ੍ਰਾਚਾਰਯ. ਦੈਤਾਂ ਦਾ ਗੁਰੂ. ਦੇਖੋ, ਸ਼ੁਕ੍ਰ.
ਅ਼. [حسنات] ਹ਼ਸਨਾਤ. ਬਹੁ ਵਚਨ ਹ਼ਸਨਤ ਦਾ. ਨੇਕੀਆਂ. ਸ਼ੁਭ ਗੁਣ। ੨. ਵਿ- ਨੇਕੀਆਂ ਦੇ ਧਾਰਨ ਵਾਲਾ. ਸ਼ੁਭ ਗੁਣਾਂ ਕਰਕੇ ਭਰਪੂਰ "ਕੰਤ ਸੁਘੜ ਉਸਨਾਕ." (ਨਾਪ੍ਰ) ੩. ਫਾ. ਹੁਸਨ- ਨਾਕ. ਸੁੰਦਰ ਦੇਖੋ, ਹੁਸਨਾਕ। ੪. ਹੋਸ਼ਨਾਕ. ਚਤੁਰ. ਦਾਨਾ। ੫. ਦੇਖੋ, ਉਸਨਕ.; ਸਿੰਘ. ਸਰਹਿੰਦ ਨਿਵਾਸੀ ਦਸ਼ਮੇਸ਼ ਦਾ ਹਜੂਰੀ ਸੇਵਕ, ਜੋ ਸਤਿਗੁਰੂ ਦਾ ਚੌਰਬਰਦਾਰ ਸੀ. ਦੇਖੋ, ਉਸਨਾਕ.