ਏਹੋ ਕਾਕਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ, ਪਈ ਸਲਾਹੁੰਦਿਆਂ ਦਾ ਮੂੰਹ ਸੁੱਕਦਾ ਸੀ ਪਰ ਜਦੋਂ ਦਾ ਲਾਹੌਰ ਗਿਆ ਏ, ਸਾਈਂ ਜਾਣੇ ਕੀ ਵੱਗ ਗਈ ਏ ਮੱਤ ਨੂੰ, ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ । ਕਿਸੇ ਦੀ ਨਹੀਂ ਸੁਣਦਾ।
ਮਿੱਲ ਮਾਲਕਾਂ ਨੇ ਆਪੋ ਵਿੱਚ ਰਲ ਕੇ ਅੰਦਰ-ਖਾਨੇ ਇਹ ਮਤਾ ਪਕਾਇਆ ਸੀ ਕਿ ਜਦੋਂ ਵੀ ਕਿਸੇ ਮਿੱਲ ਦੇ ਮਜ਼ਦੂਰਾਂ ਵਿੱਚ ਗੜ-ਬੜੀ ਵੇਖੀ ਜਾਵੇ ਤਾਂ ਕਿਸ ਸਕੀਮ ਅਨੁਸਾਰ ਅਮਲ ਦਰਾਮਦ ਕੀਤਾ ਜਾਵੇ । ਸਿਰ ਕੱਢ ਲੀਡਰਾਂ ਨੂੰ ਬਰਖਾਸਤ ਕਰਨਾ ਆਦਿ।
ਰੁਪਏ ਉਸ ਪਾਸੋਂ ਸੌ ਲੈਣੇ ਹਨ । ਜਦੋਂ ਵੀ ਜਾਂਦਾ ਹਾਂ, ਦੋ ਚਾਰ ਦੇ ਕੇ ਮੇਰਾ ਮੱਥਾ ਡੰਮ੍ਹ ਦੇਂਦਾ ਹੈ। ਰਕਮ ਦੇਣ ਵਿੱਚ ਨਹੀਂ ਆਂਦਾ।
ਤੁਸਾਂ ਨੂੰ ਕੋਈ ਘਰ ਦਾ ਕੰਮ ਨਹੀਂ ਦਿਸਦਾ। ਸਾਰਾ ਦਿਨ ਵਿਹਲੀਆਂ ਬੈਠ ਕੇ ਮੱਥਾ ਜੋੜੀ ਰੱਖਦੀਆਂ ਹੋ।
ਜਦੋਂ ਅਸੀਂ ਦਿੱਲੀ ਜਾਣ ਲਈ ਘਰੋਂ ਤੁਰਨ ਲੱਗੇ ਸਾਂ, ਤਾਂ ਗਲੀ ਵਿੱਚ ਕਿਸੇ ਨੇ ਨਿੱਛ ਮਾਰੀ ਸੀ ਮੇਰਾ ਤਾਂ ਉਦੋਂ ਹੀ ਮੱਥਾ ਠਣਕਿਆ ਸੀ ਤੇ ਮੈਂ ਸੋਚਿਆ ਸੀ ਕਿ ਸਾਨੂੰ ਹੁਣ ਜਾਣਾ ਨਹੀਂ ਚਾਹੀਦਾ । ਜੇ ਨਾ ਜਾਂਦੇ, ਤਾਂ ਸ਼ਾਇਦ ਅਸੀਂ ਦੁਰਘਟਨਾ ਤੋਂ ਬਚ ਜਾਂਦੇ ।
ਮਹੱਲ ਵਰਗੇ ਘਰ ਦੀ ਬਾਰੀ, ਤੇ ਕੱਚੇ ਖੋਲੇ ਦਾ ਰੋਸ਼ਨ ਦਾਨ, ਇਨ੍ਹਾਂ ਦੋਹਾਂ ਵਿਚਾਲੇ ਸਾਂਝ ਦੀ ਕਿਸੇ ਤੰਦ ਨੂੰ ਤਣੀਂਦੀ ਵੇਖ ਕੇ ਪ੍ਰਭਾ ਦੇਵੀ ਦਾ ਮੱਥਾ ਠਣਕਿਆ।
ਉਹ ਪਿੱਛਾ ਨਹੀਂ ਸੀ ਛੱਡਦਾ ਕਿ ਮੈਨੂੰ ਕੋਈ ਕਿਤਾਬ ਦਿਉ, ਕੋਈ ਕਿਤਾਬ ਦਿਉ । ਮੈਂ ਫਿਰ ਇੱਕ ਰਸਾਲਾ ਦੇ ਕੇ ਅੱਜ ਉਸ ਦਾ ਮੱਥਾ ਡੰਮ੍ਹ ਦਿੱਤਾ। ਕੁਝ ਦਿਨ ਤੇ ਗਲੋਂ ਲੱਥੇਗਾ।
ਮੁਨਸ਼ੀ ਸਾਹਿਬ ਠੀਕ ਫੁਰਮਾ ਰਹੇ ਨੇ। ਨਾਲੇ ਜਿਸ ਕੰਮ ਵਿੱਚ ਤੁਹਾਨੂੰ ਵੀ ਸਿਵਾਇ ਨਮੋਸ਼ੀ ਦੇ ਕੁਝ ਨਾ ਲੱਭੇ, ਉਹ ਕੰਮ ਕਰਨਾ ਵੀ ਕਿਉਂ ਹੋਇਆ। ਅੱਗੇ ਥੋੜੀਆਂ ਗੱਲਾਂ ਉੱਡ ਚੁੱਕੀਆਂ ਨੇ ਬਾਬਾ ਜੀ ? ਸਾਰੇ ਪਿੰਡ ਦਾ ਮੱਥਾ ਨੀਵਾਂ ਕਰ ਦਿੱਤਾ ਏ ਇਸ ਕੁੜੀ ਨੇ।
ਮੈਂ ਉਸ ਨਾਲ ਬਥੇਰਾ ਮੱਥਾ ਪਿੱਟਿਆ ਹੈ ਉਸ ਨੇ ਉੱਥੇ ਵਿਆਹ ਕਰਨਾ ਨਹੀਂ ਮੰਨਿਆ।
ਐਵੇਂ ਕਿਉਂ ਮੱਥਾ ਫੜ ਕੇ ਬਹਿ ਗਿਆ ਹੈਂ, ਮੁਸੀਬਤਾਂ ਮਨੁੱਖਾਂ ਤੇ ਹੀ ਆਂਦੀਆਂ ਹਨ। ਉੱਠ ਕੇ ਕੋਈ ਉਪਰਾਲਾ ਕਰ।
ਪਾਪ ਕਰਨ ਮਗਰੋਂ ਗੁਰਦੁਆਰੇ ਮੱਥੇ ਰਗੜਨ ਨਾਲ ਪਾਪ ਨਹੀਂ ਬਖਸ਼ੇ ਜਾਂਦੇ। ਉਨ੍ਹਾਂ ਦਾ ਫਲ ਅਵੱਸ਼ ਭੁਗਤਣਾ ਪੈਂਦਾ ਹੈ।
ਤੁਹਾਡੀਆਂ ਗੱਲਾਂ ਜੇ ਕੁੜਮ ਸੁਣਨ ਤਾਂ ਉਹ ਆਖਣਗੇ ਅਸਾਂ ਵਾਹਵਾ ਰਾਠਾਂ ਨਾਲ ਮੱਥਾ ਲਾਇਆ ਏ।