ਮਸ਼ਹੂਰ ਬਾਲੀਵੁੱਡ ਨਿਰਮਾਤਾ ਆਨੰਦ ਪੰਡਿਤ, ਜੋ ਕਿ 'ਚਿਹਰੇ', 'ਦਿ ਬਿਗ ਬੁੱਲ', 'ਥੈਂਕ ਗੋਂਡ' ਅਤੇ 'ਟੋਟਲ ਧਮਾਲ' ਵਰਗੀਆਂ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਹਨ, ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਦਸਤਕ ਦੇ ਰਹੇ ਹਨ। ਉਹ ਆਪਣੀ ਪਹਿਲੀ ਪੰਜਾਬੀ ਫਿਲਮ 'ਮਿੱਠੜੇ' ਨਾਲ ਪੰਜਾਬੀ ਦਰਸ਼ਕਾਂ ਦੀ ਦਿਲ ਜਿੱਤਣ ਆ ਰਹੇ ਹਨ। ਇਹ ਫਿਲਮ 14 ਮਾਰਚ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
'ਮਿੱਠੜੇ'ਫਿਲਮ ਇੱਕ ਭਾਵਨਾਤਮਕ ਅਤੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਇੱਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਨੌਜਵਾਨਾਂ ਦੀ ਆਪਣੀ ਮਿੱਠੀ ਧਰਤੀ ਅਤੇ ਭਵਿੱਖ ਵਿੱਚ ਬਣ ਰਹੇ ਦਿਲਚਸਪ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਹ ਕਹਾਣੀ ਵਿਦੇਸ਼ ਜਾਣ ਦੇ ਸੁਪਨੇ, ਧਰਤੀ ਨਾਲ ਜੁੜੇ ਰਹਿਣ, ਪਰਿਵਾਰਕ ਸੰਬੰਧਾਂ ਅਤੇ ਜ਼ਿੰਦਗੀ ਦੇ ਰੰਗਾਂ ਨੂੰ ਦਰਸਾਉਂਦੀ ਹੈ।
ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਅੰਬਰਦੀਪ ਸਿੰਘ ਹਨ, ਜੋ ਕਿ ਪੰਜਾਬੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਹਨ। ਅੰਬਰਦੀਪ ਨੇ 'ਅੰਗਰੇਜ', 'ਲਾਹੌਰਿਏ', 'ਭਾਜੀ ਇਨ ਪ੍ਰਾਬਲਮ' ਅਤੇ ਹੋਰ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।
ਫਿਲਮ ਬਾਰੇ ਗੱਲ ਕਰਦੇ ਹੋਏ ਆਨੰਦ ਪੰਡਿਤ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਕਿ ਪੰਜਾਬ ਦੀਆਂ ਖੂਬਸੂਰਤ ਪਰੰਪਰਾਵਾਂ ਅਤੇ ਸੱਭਿਆਚਾਰ ਬਾਰੇ ਹਮੇਸ਼ਾ ਗੱਲ ਕੀਤੀ ਜਾਂਦੀ ਹੈ, ਪਰ ਇਹ ਫਿਲਮ ਕੁਝ ਹੋਰ ਗਹਿਰੀਆਂ ਭਾਵਨਾਵਾਂ ਅਤੇ ਮੁੱਦਿਆਂ 'ਤੇ ਕੇਂਦ੍ਰਿਤ ਹੈ। 'ਮਿੱਠੜੇ' ਫਿਲਮ ਉਹਨਾਂ ਨੌਜਵਾਨਾਂ ਦੀ ਕਹਾਣੀ ਹੈ ਜੋ ਆਪਣੀ ਧਰਤੀ ਨਾਲ ਡੂੰਘਾ ਪਿਆਰ ਰਖਦੇ ਹਨ ਪਰ ਭਵਿੱਖ ਦੀ ਚਮਕ ਉਨ੍ਹਾਂ ਨੂੰ ਵਿਦੇਸ਼ ਦੀ ਧਰਤੀ ਵਲ ਖਿੱਚਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੰਬਰਦੀਪ ਇੱਕ ਪ੍ਰਤਿਭਾਸ਼ਾਲੀ ਨਿਰਦੇਸ਼ਕ ਹੈ ਅਤੇ ਇਹ ਕਹਾਣੀ ਵਿਸ਼ਵ ਪੱਧਰ 'ਤੇ ਲੋਕਾਂ ਨੂੰ ਪਸੰਦ ਆਉਣ ਵਾਲੀ ਹੈ। 'ਮਿੱਠੜੇ' ਫਿਲਮ ਜ਼ਿੰਦਗੀ, ਪਿਆਰ, ਪਰਿਵਾਰ ਅਤੇ ਭਵਿੱਖ ਦੇ ਵਿਚਕਾਰ ਦੀ ਦਿਲਚਸਪ ਲੜਾਈ ਨੂੰ ਦਰਸਾਉਂਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਏਗੀ।
ਫਿਲਮ ਵਿੱਚ ਤਾਨੀਆ, ਰੂਪੀ ਗਿੱਲ, ਲਕਸ਼ ਦੁਲੇਹ, ਨਿਰਮਲ ਰਿਸ਼ੀ, ਬੀ.ਐਨ ਸ਼ਰਮਾ, ਗੁਰਪ੍ਰੀਤ ਭੰਗੂ, ਸੁੱਖੀ ਚਾਹਲ, ਮਿੰਟੂ ਕਾਪਾ, ਪਰਮਵੀਰ ਸਿੰਘ, ਸੁਵਿਧਾ ਦੁੱਗਲ ਅਤੇ ਵਿਸ਼ੂ ਵਰਗੇ ਮਸ਼ਹੂਰ ਕਲਾਕਾਰ ਮੌਜੂਦ ਹਨ। ਇਸਦੇ ਇਲਾਵਾ, ਫਿਲਮ ਵਿੱਚ ਅੰਬਰਦੀਪ ਸਿੰਘ ਖੁਦ ਵੀ ਇੱਕ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਹਨ, ਜੋ ਕਿ ਇਸ ਫਿਲਮ ਨੂੰ ਹੋਰ ਵੀ ਖਾਸ ਬਣਾਉਂਦਾ ਹੈ।
ਫਿਲਮ 'ਮਿੱਠੜੇ' ਦੇ ਗੀਤ ਵੀ ਬਹੁਤ ਹੀ ਖਾਸ ਹਨ। ਫਿਲਮ ਦੇ ਟਰੈਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਦੁਆਰਾ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਗੁਰੂ ਰੰਧਾਵਾ, ਐਮੀ ਵਿਰਕ, ਅੰਮ੍ਰਿਤ ਮਾਨ, ਹੈਪੀ ਰਾਏਕੋਟੀ, ਬੀਰ ਸਿੰਘ ਅਤੇ ਅਵਵੀ ਸਰ ਸ਼ਾਮਲ ਹਨ।
ਫਿਲਮ 'ਮਿੱਠੜੇ' ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਦੀ ਮਜ਼ਬੂਤ ਕਹਾਣੀ, ਖੂਬਸੂਰਤ ਚਿੱਤਰਕਾਰੀ ਅਤੇ ਭਾਵਨਾਤਮਕ ਤੱਤਾਂ ਦੀ ਖੁੱਲ੍ਹੀ ਤਾਰੀਫ਼ ਕਰ ਰਹੇ ਹਨ। ਫਿਲਮ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਕਿਹਾ, ਮੈਂ ਸਮਝਦਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਖੇਤਰੀ ਸਿਨੇਮਾ ਦੀਆਂ ਹੱਦਾਂ ਨੂੰ ਪਾਰ ਕਰਕੇ ਇੱਕ ਨਵੀਂ ਪਹਚਾਣ ਬਣਾਈ ਜਾਵੇ। 'ਮਿੱਠੜੇ' ਫਿਲਮ ਸਿਰਫ ਪੰਜਾਬੀ ਦਰਸ਼ਕਾਂ ਲਈ ਨਹੀਂ, ਸਗੋਂ ਪੂਰੇ ਵਿਸ਼ਵ ਲਈ ਇੱਕ ਸੰਦੇਸ਼ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਆਨੰਦ ਪੰਡਿਤ ਜੀ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਉਹਨਾਂ ਦੀ ਵਿਸ਼ਾਲ ਸੋਚ ਅਤੇ ਅੰਤਰਰਾਸ਼ਟਰੀ ਮਾਪਦੰਡਾਂ 'ਤੇ ਕੰਮ ਕਰਨ ਦੀ ਯੋਜਨਾ ਨਾਲ 'ਮਿੱਠੜੇ' ਫਿਲਮ ਨੂੰ ਵਿਸ਼ਵ ਪੱਧਰ 'ਤੇ ਪੱਛਾਣ ਮਿਲੇਗੀ।
ਫਿਲਮ ਆਨੰਦ ਪੰਡਿਤ ਮੋਸ਼ਨ ਪਿਕਚਰਜ਼ (APMP) ਅਤੇ ਪੈਨੋਰਮਾ ਸਟੂਡੀਓਜ਼ ਦੇ ਸਹਿਯੋਗ ਨਾਲ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ। 14 ਮਾਰਚ, 2025 ਨੂੰ ਫਿਲਮ ਵਿਦੇਸ਼ ਸਮੇਤ ਭਾਰਤ ਦੇ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਮਿੱਠੜੇ ਫਿਲਮ ਦੀ ਪੂਰੀ ਟੀਮ ਨੂੰ ਉਮੀਦ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਦੀ ਪਹਿਚਾਣ ਨੂੰ ਇੱਕ ਨਵਾਂ ਆਕਾਰ ਦੇਵੇਗੀ।
'ਮਿੱਠੜੇ' ਫਿਲਮ ਇੱਕ ਅਜਿਹੀ ਫਿਲਮ ਹੈ ਜੋ ਦਰਸ਼ਕਾਂ ਨੂੰ ਹਸਾਏਗੀ, ਰੁਲਾਏਗੀ ਅਤੇ ਉਨ੍ਹਾਂ ਦੇ ਮਨ ਵਿੱਚ ਇੱਕ ਗਹਿਰੀ ਛਾਪ ਛੱਡੇਗੀ। ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ, ਆਪਣੇ ਪਰਿਵਾਰ ਅਤੇ ਧਰਤੀ ਨਾਲ ਸੰਬੰਧਾਂ ਵਿੱਚ ਉਲਝਣ ਅਤੇ ਆਪਣੇ ਭਵਿੱਖ ਲਈ ਚੁਣੌਤੀਆਂ — ਇਹ ਸਭ ਕੁਝ 'ਮਿੱਠੜੇ' ਫਿਲਮ ਵਿੱਚ ਵੇਖਣ ਨੂੰ ਮਿਲੇਗਾ। ਹੁਣ ਦੇਖਣਾ ਇਹ ਹੋਵੇਗਾ ਕਿ 14 ਮਾਰਚ, 2025 ਨੂੰ ਜਦ 'ਮਿੱਠੜੇ' ਫਿਲਮ ਸਿਨੇਮਾਘਰਾਂ ਵਿੱਚ ਆਉਗੀ ਤਾਂ ਦਰਸ਼ਕ ਇਸ ਨੂੰ ਕਿਨ੍ਹਾਂ ਪਿਆਰ ਦੇਣਗੇ।